ਮਨਿੰਦਰਜੀਤ ਸਿੱਧੂ
ਜੈਤੋ, 02 ਅਕਤੂਬਰ 2020 - ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀਬਾੜੀ ਸੰਬੰਧੀ ਕਾਨੂੰਨਾਂ ਉਪਰੰਤ ਕਿਸਾਨ ਜੱਥੇਬੰਦੀਆਂ ਵੱਲੋਂ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਕਾਰਪੋਰੇਟਾਂ ਦੇ ਸ਼ਾਪਿੰਗ ਮਾਲ, ਟੌਲ ਪਲਾਜ਼ਾ, ਪੈਟਰੋਲ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਨੂੰ ਘੇਰਨ ਦਾ ਪ੍ਰੌਗਰਾਮ ਮਿਥਿਆ ਗਿਆ। ਇਸੇ ਪ੍ਰੋਗਰਾਮ ਤਹਿਤ ਜੈਤੋ ਇਲਾਕੇ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਸੈਂਕੜੇ ਕਿਸਾਨਾਂ ਸਮੇਤ ਅੱਜ ਰੇਲਵੇ ਸਟੇਸ਼ਨ ਜੈਤੋ ਤੋਂ ਚੱਲ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਜੈਤੋ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਸਿੰਗਲਾ ਦੇ ਘਰ ਦਾ ਘਿਰਾਓ ਕੀਤਾ ਗਿਆ। ਕਿਸਾਨ ਆਗੂਆਂ ਵੱਲੋਂ ਭਾਜਪਾ ਹਕੂਮਤ ਉੱਪਰ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਉਹਨਾਂ ਇਹ ਕਾਨੂੰਨ ਨਹੀਂ, ਸਗੋਂ ਕਿਸਾਨ ਦੇ ਮੌਤ ਦੇ ਵਾਰੰਟ ਪਾਸ ਕੀਤੇ ਹਨ।ਉਹਨਾਂ ਕਿਹਾ ਕਿ ਸਾਡੀ ਨਿੱਜੀ ਰੂਪ ਵਿੱਚ ਕਿਸੇ ਵੀ ਰਾਜਨੀਤਿਕ ਆਗੂ ਨਾਲ ਕੋਈ ਲੜਾਈ ਨਹੀਂ ਹੈ। ਆਗੂਆਂ ਨੇ ਕਿਹਾ ਕਿ ਹੁਣ ਇਹ ਲੜਾਈ ਕਿਸਾਨਾਂ ਦੀ ਹੋਂਦ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦੀ ਲੜਾਈ ਹੈ। ਇਸ ਲੜਾਈ ਨੂੰ ਲਹੂ ਦੇ ਅੰਤਿਮ ਕਤਰੇ ਅਤੇ ਅੰਤਿਮ ਸਾਹ ਤੱਕ ਸ਼ਾਂਤਮਈ ਢੰਗ ਨਾਲ ਜਾਰੀ ਰੱਖਿਆ ਜਾਵੇਗਾ ਅਤੇ ਸਾਡੇ ਏਕੇ ਦੀ ਤਾਕਤ ਅੱਗੇ ਤਾਨਾਸ਼ਾਹ ਬਣ ਚੁੱਕੀ ਭਾਜਪਾਈ ਸਰਕਾਰ ਨਿਸ਼ਚਿਤ ਰੂਪ ਵਿੱਚ ਗੋਡੇ ਟੇਕੇਗੀ।