- ਨਾਅਰੇਬਾਜੀ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਦਿਆਂ ਕੀਤਾ ਪਿੱਟ ਸਿਆਪਾ
ਕੋਟਕਪੂਰਾ, 22 ਸਤੰਬਰ 2020 - ਕੇਂਦਰ ਦੀ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਇਕੱਲਾ ਕਿਸਾਨ ਹੀ ਨਹੀਂ ਬਲਕਿ ਹਰ ਵਰਗ ਸੜਕਾਂ 'ਤੇ ਆ ਗਿਆ ਹੈ। ਨੇੜਲੇ ਪਿੰਡ ਸੰਧਵਾਂ ਵਿਖੇ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਮੌਕੇ ਕਿਸਾਨਾ ਦੇ ਇਕੱਠ 'ਚ ਛੋਟੇ ਛੋਟੇ ਬੱਚੇ ਵੀ ਸ਼ਾਮਲ ਸਨ। ਜਿੰਨਾ ਨੂੰ ਪੁੱਛਣ 'ਤੇ ਉਨਾ ਦੱਸਿਆ ਕਿ ਮੋਦੀ ਨੇ ਸਾਡੀਆਂ ਜ਼ਮੀਨਾਂ ਖੋਹਣ ਦੀ ਜੋ ਵਿਉਂਤਬੰਦੀ ਕੀਤੀ ਹੈ, ਉਸ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕੇਗਾ।
ਕਿਸਾਨ ਆਗੂਆਂ ਸੁਖਮੰਦਰ ਸਿੰਘ ਢਿੱਲਵਾਂ ਅਤੇ ਗੁਰਮੇਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡ ਸੰਧਵਾਂ ਵਿਖੇ ਕਿਸਾਨਾ ਨੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਭੜਾਸ ਕੱਢਦਿਆਂ ਪਹਿਲਾਂ ਨਾਅਰੇਬਾਜੀ ਕੀਤੀ ਤੇ ਫਿਰ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਉਕਤਾਨ ਸਮੇਤ ਕੁਲਵੰਤ ਸਿੰਘ, ਜੀਵਨ ਸਿੰਘ ਗਿੱਲ, ਬੱਬੂ ਸਿੰਘ ਗਿੱਲ, ਗੋਨੀ ਸਿੰਘ ਗਿੱਲ, ਜਸ਼ਨ ਸਿੰਘ ਗਿੱਲ ਅਤੇ ਨਿੰਦੀ ਸਿੰਘ ਬਰਾੜ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ 73 ਸਾਲ ਬਾਅਦ ਵੀ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਕਿਸਾਨ ਦਾ ਦਰਦ ਸਮਝਣ ਲਈ ਤਿਆਰ ਨਹੀਂ। ਰਾਜਦੀਪ ਸਿੰਘ ਬਰਾੜ, ਜੀਤਾ ਸਿੰਘ ਗਿੱਲ, ਦਲੇਲ ਸਿੰਘ ਧਾਲੀਵਾਲ, ਰਾਜ ਸਿੰਘ ਗਿੱਲ, ਨਿੱਕਾ ਸਿੰਘ ਸੇਖੋਂ ਅਤੇ ਗੁਰਲਾਲ ਸਿੰਘ ਗਿੱਲ ਨੇ ਆਖਿਆ ਕਿ ਜਦੋਂ ਕਿਸਾਨ ਦੀ ਜਮੀਨ ਦੀ ਮੌਤ ਦੇ ਵਰੰਟ ਅਰਥਾਤ ਪੰਜਾਬ ਵਾਸੀਆਂ ਲਈ ਕਫਨ ਦੀ ਇਬਾਰਤ ਲਿਖੀ ਜਾਂ ਵਿਚਾਰੀ ਜਾ ਰਹੀ ਸੀ ਤਾਂ ਉਸ ਸਮੇਂ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਮੂੰਹ 'ਚ ਘੁੰਗਣੀਆਂ ਕਿਉਂ ਪਾ ਰੱਖੀਆਂ ਸਨ? ਪਾਲਾ ਸਿੰਘ, ਗਿੰਨੀ ਸਿੰਘ, ਜੀਤ ਸਿੰਘ, ਨਾਜਰ ਸਿੰਘ ਅਤੇ ਗੁਰਮੀਤ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ 'ਚ ਯੋਗਦਾਨ ਨਾ ਪਾਉਣ ਵਾਲੇ ਸਿਆਸਤਦਾਨਾਂ ਨੂੰ ਲੋਕ ਕਚਹਿਰੀ 'ਚ ਖਮਿਆਜਾ ਜਰੂਰ ਭੁਗਤਣਾ ਪਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਲਛਮਣ ਸਿੰਘ ਗਿੱਲ, ਬਾਜ ਸਿੰਘ ਭਾਊ, ਲਵਜੀਤ ਸਿੰਘ ਗਿੱਲ ਸਮੇਤ ਨਾਇਬ ਸਿੰਘ ਢਿੱਲਵਾਂ, ਰਣਜੀਤ ਸਿੰਘ ਗਿੱਲ, ਸੂਬਾ ਸਿੰਘ ਗਿੱਲ, ਮਨੀ ਸਿੰਘ ਸੰਧਵਾਂ, ਸੁਦਾਗਰ ਸਿੰਘ ਗਿੱਲ, ਮੋਹਨ ਸਿੰਘ ਖੀਵਾ, ਕੋਲਾ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।