ਅਸ਼ੋਕ ਵਰਮਾ
ਬਠਿੰਡਾ, 5ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਲਾਏ ਮੋਰਚਿਆਂ ਦੌਰਾਨ ਅੱਜ ਰੀਗਲ ਸਿਨੇਮਾ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ। ਮੋਗਾ ਸ਼ਹਿਰ ’ਚ ਰੋਸ ਵਿਖਾਵਾ ਕਰ ਰਹੇ ਵਿਦਿਆਰਥੀਆਂ ਤੇ 5 ਅਕਤੂਬਰ 1972 ਨੂੰ ਪੁਲਿਸ ਵੱਲੋਂ ਗੋਲੀਆਂ ਚਲਾਉਣ ਨਾਲ ਚਾਰ ਵਿਦਿਆਰਥੀ ਮਾਰੇ ਗਏ ਸਨ। ਜੱਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ , ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ ਵਾਲਾ ਅਤੇ ਕੁਲਵੰਤ ਸਰਮਾ ਤੋਂ ਇਲਾਵਾ ਪੰਜਾਬੀ ਗਾਇਕਾਂ ਦੇ ਪ੍ਰਤੀਨਿਧ ਗਾਇਕ ਗੁਰਵਿੰਦਰ ਬਰਾੜ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਦੀਆਂ ਜਿੰਨਾਂ ਦਾ ਵਿਰੋਧ ਕਰਨਤੇ ਲਾਠੀਆਂ ਗੋਲੀਆਂ ਵਰਾਈਆਂ ਜਾਂਦੀਆਂ ਹਨ । ਉਨਾਂ ਕਿਹਾ ਕਿ ਜਿਲਾ ਬਠਿੰਡਾ ਵੱਲੋਂ ਜਿਲੇ ਵਿੱਚ ਛੇ ਥਾਵਾਂ ਤੇ ਸਰਮਾਏਦਾਰਾਂ ਦੇ ਕਾਰੋਬਾਰਾਂ ਨੂੰ ਠੱਪ ਕਰ ਰੱਖਿਆ ਹੈ ਜਦੋਂਕਿ ਬਣਾਂਵਾਲੀ ਥਰਮਲ ਪਲਾਂਟ ਅੱਗੇ ਮਾਨਸਾ ਜਿਲੇ ਨਾਲ ਸਾਂਝਾ ਧਰਨਾ ਲਾਇਆ ਹੋਇਆ ਹੈ।
ਉਨਾਂ ਕਿਹਾ ਕਿ ਇਸੇ ਤਰਾਂ ਇਹ ਹੁਣ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਵਿਰੋਧੀ ਕਾਨੂੰਨ ਬਣਾਉਣ ਖਿਲਾਫ ਕਿਸਾਨਾਂ ਦਾ ਗੁੱਸਾ ਦਿਨੋ-ਦਿਨ ਵਧ ਰਿਹਾ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਮੀਨਾਂ , ਖੇਤੀ ਅਤੇ ਸਬਜੀ ਮੰਡੀਆ ਨਾਲ ਜੁੜੇ ਮਜਦੂਰਾਂ ਤੇ ਹੋਰ ਕਾਰੋਬਾਰੀਆਂ ਦਾ ਰੁਜਗਾਰ ਖੋਹਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਨੀਤੀ ਅਖਤਿਆਰ ਕਰ ਲਈ ਹੈ ਜਿਸ ਜਿਲਾ ਬਠਿੰਡਾ ’ਚ ਜੀਦਾ ਤੇ ਲਹਿਰਾਬੇਗਾ ਵਿਖੇ ਟੋਲ ਪਲਾਜਿਆ ਤੋਂ ਪਰਚੀ ,ਸੰਗਤ ਤੇ ਭੁੱਚੋ ਖੁਰਦ ਵਿਖੇ ਐਸਾਰ ਕੰਪਨੀ ਦੇ ਪੈਟਰੋਲ ਪੰਪ ਤੋਂ ਤੇਲ ਦੀ ਵਿਕਰੀ , ਰਾਮਪੁਰਾ ’ਚ ਰਿਲਾਇੰਸ ਕੰਪਨੀ ਦੇ ਪਟਰੋਲ ਪੰਪ ਤੇਲ ਦੀ ਵਿਕਰੀ ਬੰਦ ਅਤੇ ਭੁੱਚੋ ਖੁਰਦ ’ਚ ਬੈਸਟ ਪਰਾਇਸ ਤੋਂ ਖਰੀਦ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਦਾ ਕਾਰੋਬਾਰ ਠੱਪ ਕੀਤਾ ਹੋਇਆ ਹੈ। ਓਧਰ ਅੱਜ ਲਹਿਰਾ ਬੇਗਾ ਟੌਲ ਪਲਾਜਾ ਭੁੱਚੋ ਵਾਲੀ ਸਟੇਜ ਤੋਂ ਕੀਰਤੀ ਕਿ੍ਪਾਲ ਦੀ ਨਿਰਦੇਸ਼ਨਾ ਹੇਠ ਖੇਤੀ ਆਰਡੀਨੈਂਸ ਤੇ ਅਧਾਰਿਤ ਨਾਟਕ ਮਦਾਰੀ ਜੋ ਪੇਸ਼ ਕੀਤਾ।
ਬੁਲਾਰਿਆਂ ਨੇ ਖੇਤੀ ਵਿਰੋਧੀ ਇਹ ਕਾਨੂੰਨ ਰੱਦ ਕਰਨ, ਸਾਰੀਆਂ ਫਸਲਾਂ ਦੇ ਭਾਅ ਲਾਗਤ ਖਰਚਿਆਂ ਤੋਂ 50 ਫੀਸਦੀ ਤੋਂ ਉੱਪਰ ਮੁਨਾਫਾ ਮਿਥ ਕੇ ਸਰਕਾਰੀ ਖਰੀਦ ਦੀ ਯਕੀਨੀ ਬਨਾਉਣ , ਬੇਦੋਸ਼ੇ ਲੇਖਕਾਂ ,ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਮੋਰਚਿਆਂ ਨੂੰ ਸੁਖਦੇਵ ਸਿੰਘ ਰਾਮਪੁਰਾ , ਨਿੱਕਾ ਸਿੰਘ ਜੇਠੂਕੇ, ਦਰਸ਼ਨ ਸਿੰਘ ਮਾਈਸਰਖਾਨਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ ਅਤੇ ਮਾਤਾ ਸੁੰਦਰੀ ਕਾਲਜ ਢੱਡੇ ਦੇ ਰਾਜ ਸਿੰਘ ਨੇ ਵੀ ਸੰਬੋਧਨ ਕੀਤਾ। ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਮੁਫਤ ਮੈਡੀਕਲ ਕੈਂਪ ਲਾਇਆ ਗਿਆ।