ਅਸ਼ੋਕ ਵਰਮਾ
ਮਾਨਸਾ, 11 ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਅਤੇ ਬੀਰੋਕੇ ਕਾਂਡ ਵਿੱਚ ਸ਼ਹੀਦ ਹੋਏ ਪਿਰਥੀ ਸਿੰਘ ਚੱਕ ਅਲੀਸ਼ੇਰ ਦੀ 10ਵੀਂ ਬਰਸੀ ਮੌਕੇ ਉਨਾਂ ਨੂੰ ਯਾਦ ਕਰਦਿਆਂ ਜਮੀਨਾਂ ਖਾਤਰ ਸ਼ਹੀਦ ਦੇ ਰਾਹ ਤੇ ਤੁਰਨ ਦਾ ਅਹਿਦ ਲਿਆ। ਪੰਜਾਬ ਦੀਆਂ ਇਕੱਤੀ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੰਦੋਲਨ ਦੇ 11ਵੇਂ ਦਿਨ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਆਗੂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਹਾਜਰ ਹੋਏ। ਕਿਸਾਨ ਆਗੂ ਬੂਟਾ ਸਿੰਘ ਬੁਰਜ ਗਿੱਲ ਅਤੇ ਜਿਲਾ ਆਗੂ ਐਡਵੋਕੇਟ ਬਲਵੀਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਮੂੱਠੀ ਭਾਰ ਕਾਰਪੋਰੇਟ ਘਰਾਣਿਆਂ ਨੂੰ ਲਾਹੇ ਦੇਣ ਖਾਤਰ ਖੇਤੀ ਖੇਤਰ ਨੂੰ ਖਤਮ ਕਰਨ ਦੇ ਰਾਹ ਪੈ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨ ਮੋਚੇ ਤੋਂ ਧਿਆਨ ਭਟਕਾਉਣ ਲਈ ਕੋਈ ਚਾਲ ਚੱਲ ਸਕਦੀ ਹੈ ਜਿ ਤੋਂ ਸੁਚੇਤ ਰਹਿਣ ਦੀ ਲੋੜ ਹੈ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੀ ਹਰ ਚਾਲ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਉਹ ਵੱਡੀ ਗਿਣੀਤੀ ’ਚ ਮੋਰਚੇ ਵਿੱਚ ਪੁੱਜਣ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ। ਬੀ.ਕੇ.ਯੂ ਕਾਦੀਆਂ ਦੇ ਕੁਲਦੀਪ ਸਿੰਘ ਚੱਕ ਭਾਈਕੇ, ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਜੌਹਰ ਸਿੰਘ ਦੂਲੋਵਾਲ, ਬੀ.ਕੇ.ਯੂ. ਮਾਨਸਾ ਦੇ ਸਤਨਾਮ ਝੰਡੂਕੇ, ਕੁੱਲ ਹਿੰਦ ਸਭਾ ਦੇ ਕਿ੍ਰਸ਼ਨ ਚੌਹਾਨ, ਬੀ.ਕੇ.ਯੂ. ਸਿੱਧੂਪੁਰ ਦੇ ਮਲੂਕ ਸਿੰਘ ਹੀਰਕੇ, ਬੀ.ਕੇ.ਯੂ. ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਭਜਨ ਸਿੰਘ ਘੁੰਮਣ ਤੋਂ ਇਲਾਵਾ ਬਲਕਰਨ ਸਿੰਘ ਬੱਲੀ, ਨਿਰਮਲ ਸਿੰਘ, ਕਰਨੈਲ ਸਿੰਘ ਮਾਨਸਾ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਖੇਤੀ ਆਰਡੀਨੈਂਸ ਸਮੇਤ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਅੰਦੋਲਨ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਏਗਾ। ਬੁਲਾਰਿਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਰਮਾਏਦਾਰੀ ਦੀ ਝੋਲੀ ਚੁੱਕ ਬਣ ਚੁੱਕੀਆਂ ਹਨ ਅਤੇ ਅਸਿੱਧੇ ਤੌਰ ਤੇ ਕਿਸਾਨਾਂ ਸਮੇਤ ਸਮੁੱਚੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਤਰਾਂ-ਤਰਾਂ ਦੇ ਲੋਕ ਲੁਭਾਉਣੇ ਲਾਰੇ ਲਾਏ ਜਾ ਰਹੇ ਹਨ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਕਿਸਾਨ, ਮਜਦੂਰ, ਵਪਾਰੀ ਅਤੇ ਨੌਜਵਾਨ ਡਟ ਗਏ ਹਨ ਅਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ।