ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ 2021 - ਸੰਯੁਕਤ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 5 ਅਪ੍ਰੈਲ ਨੂੰ ਜ਼ਿਲਾ ਮੁੁਕਤਸਰ ਦੇ ਹਲਕਾ ਮਲੋਟ ਵਿਖੇ ਡੱਬਵਾਲੀ ਰੋੋਡ ਸਥਿਤ ਐਫ਼ਸੀਆਈ ਦਫ਼ਤਰ ਦਾ ਸਵੇਰੇ 11 ਵਜੇ ਘਿਰਾਓ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਭਾਕਿਯੂ ਦੇ ਜ਼ਿਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਐਫ਼ਸੀਆਈ ਹੁਣ ਕਿਸਾਨਾਂ ਦੀ ਮੌਤ ਦੇ ਵਾਰੰਟ ਜਾਰੀ ਕਰਨ ਜਾ ਰਹੀ ਹੈ। ਉਨਾਂ ਦੱਸਿਆ ਕਿ ਐਫ਼ਸੀਆਈ ਨਵੇਂ ਨਵੇਂ ਬਹਾਨੇ ਬਣਾ ਕੇ ਖਰੀਦ ਕਰਨ ਤੋਂ ਭੱਜ ਰਹੀ ਹੈ।
ਐਫ਼ਸੀਆਈ ਨੇ ਜਿਥੇ ਖਰੀਦ ਦਾ ਕੋਟਾ ਘੱਟ ਕੀਤਾ ਹੈ, ਉਥੇ ਹੀ ਕਣਕ ਵਿਚ ਨਮੀ ਦੀ ਮਾਤਰਾ 14 ਪ੍ਰੀਸ਼ਤ ਤੋਂ ਘੱਟ ਕਰਕੇ 12 ਪ੍ਰਤੀਸ਼ਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦਾਗੀ ਦਾਣਿਆਂ ਦੀ ਮਾਤਰਾ ਵੀ 3 ਪ੍ਰਤੀਸ਼ਤ ਤੋਂ ਡੇਢ ਪ੍ਰਤੀਸ਼ਤ ਕਰ ਦਿਤੀ ਹੈ। ਹੁਣ ਕਣਕ ਵੇਚਣ ਵਾਲੇ ਕਿਸਾਨ ਨੂੰ ਜਮਾਬੰਦੀ ਵੀ ਜ਼ਰੂਰੀ ਕਰ ਦਿੱਤੀ ਹੈ ਅਤੇ ਅਦਾਇਗੀ ਵੀ ਸਿੱਧੀ ਕਿਸਾਨ ਦੇ ਖਾਤੇ ਵਿਚ ਪਾਈ ਜਾਵੇਗੀ।
ਜਿਸ ਨਾਲ ਕਿਸਾਨਾਂ ਅਤੇ ਆੜਤੀਆਂ ਦਾ ਆਪਸੀ ਰਿਸ਼ਤਾ ਖਰਾਬ ਹੋਵੇਗਾ। ਉਨਾਂ ਕਿਹਾ ਕਿ ਉਹ ਜ਼ਮੀਨ ਦੀਆਂ ਫਰਦਾਂ ਅਨੁਸਾਰ ਫਸਲ ਖਰੀਦ ਕਰਨ ਦਾ ਫੈਸਲਾ, ਨਮੀਂ ਦੀ ਮਾਤਰਾ ਘੱਟ ਕਰਨ, ਸ਼ਾਂਤੀ ਕੁਮਾਰ ਕਮੇਟੀ ਦੀ ਰਿਪੋਰਟ ਅਨੁਸਾਰ ਬਣਾਏ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨਗੇ। ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਸਮੁੂਲੀਅਤ ਕਰਨ ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ।