ਅਸ਼ੋਕ ਵਰਮਾ
ਨਵੀਂ ਦਿੱਲੀ , 23ਮਾਰਚ 2021:ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਬੀ ਗੁਲਾਬ ਕੌਰ ਨਗਰ ਦੇ ਪਕੌੜਾ ਚੌਂਕ ਨੇੜੇ ਭਾਕਿਯੂ ਏਕਤਾ (ਉਗਰਾਹਾਂ) ਦੀ ਲੱਗੀ ਸਟੇਜ ਤੋਂ ਜਥੇਬੰਦੀ ਦੇ ਉਪ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਉਹ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਬਰਤਾਨਵੀ ਸਾਮਰਾਜੀਆਂ ਨੇ 23 ਮਾਰਚ 1931ਨੂੰ ਲਹੋਰ ਦੀ ਸੈਂਟਰ ਜੇਲ੍ਹ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ ਜਿੰਨਾ ਮਹਾਨ ਸ਼ਹੀਦਾਂ ਦਾ ਸੁਪਨਾ ਸੀ ਕਿ ਸਾਮਰਾਜੀ ਕਾਰਪੋਰੇਟਾ ਦੀ ਗੁਲਾਮੀ ਨੂੰ ਗਲੋ ਲਾਹਿਆ ਜਾਵੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕੀਤੀ ਜਾਵੇ। ਕਿਰਤੀ ਲੋਕਾਂ ਦੀ ਪੁਗਤ ਦਾ ਰਾਜ ਹੋਵੇ। ਉੱਨਾਂ ਮਹਾਨ ਸ਼ਹੀਦਾਂ ਦੀ ਕੱਲ ਨੂੰ ਟਿਕਰੀ ਬਾਰਡਰ 'ਤੇ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ 'ਤੇ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਵੱਲੋ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਹੜੇ ਸਾਮਰਾਜ ਦੇ ਖਾਤਮੇ ਲਈ ਸਾਡੇ ਇੰਨ੍ਹਾਂ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਉਹੀ ਸਾਮਰਾਜੀ ਕਾਰਪੋਰੇਟ ਘਰਾਣੇ ਅੱਜ ਤਿੰਨੇ ਕਾਲੇ ਕਾਨੂੰਨਾਂ ਨਾਲ ਸਾਡੀਆਂ ਜ਼ਮੀਨਾਂ ਨੂੰ ਝਪਟਣ ਆ ਰਿਹਾ ਹੈ ਜਿਸ ਨੂੰ ਰੋਕਣਾ ਅੱਜ ਸਮੇਂ ਦੀ ਲੋੜ ਹੈ। ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੰਜਾਬ ਤੋਂ ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਟਿਕਰੀ ਬਾਰਡਰ ਤੇ ਹਜ਼ਾਰਾਂ ਨੌਜਵਾਨ ਪਹੁੰਚ ਚੁੱਕੇ ਹਨ।ਐਡਵੋਕੇਟ ਰਵਿੰਦਰ ਕੌਰ ਮੋਗਾ ਨੇ ਕਿਹਾ ਕਿ ਅੱਜ ਸਾਡੀ ਔਰਤਾਂ ਦੀ 50% ਅਬਾਦੀ ਵਿੱਚੋ ਸਾਡੀਆਂ ਮਾਵਾਂ-ਭੈਣਾ ਡਾਕਟਰ, ਪਾਇਲਟ,ਵਿਗਿਆਨੀ ਅਤੇ ਵਕੀਲ ਆਦਿ ਬਣ ਸਕਦੀਆਂ ਹਨ ਤਾਂ ਫਿਰ ਅੰਦੋਲਨਕਾਰੀ ਕਿਉਂ ਨਹੀਂ ਬਣ ਸਕਦੀਆਂ ਜਦੋ ਕਿ ਲੜਾਈ ਹੁਣ ਕਾਨੂੰਨਾਂ ਤੋਂ ਵੀ ਉੱਪਰ ਸਾਡੀ ਹੋਂਦ ਬਚਾਉਣ ਦੀ ਬਣ ਗਈ ਹੈ।
ਬਾਰ ਐਸੋਸ਼ੀਏਸ਼ਨ ਮੋਗਾ ਦੇ ਵਕੀਲ ਰਣਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਖੋਟ ਹੈ ਜੋ ਧੜਾ ਧੜ ਸਾਡੇ ਸਰਕਾਰੀ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਡੀ ਜੁੰਮੇਵਾਰੀ ਬਣਦੀ ਹੈ ਕਿ ਸਾਡੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਸਿਰਜਿਆ ਜਾਵੇ। ਅੱਜ ਦੀ ਸਟੇਜ ਤੋਂ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਮੈਡਮ ਸਦੇਸ ਗੋਇਲ ਹਿਸਾਰ (ਹਰਿਆਣਾ) ਗਿਆਨ ਪ੍ਰਕਾਸ਼ ਯਾਦਵ (ਉੱਤਰਪ੍ਰਦੇਸ਼), ਜਗਵੀਰ ਸਿੰਘ ਝੱਜਰ, ਜਗਸੀਰ ਦੋਦੜਾ, ਭੋਲਾ ਸਿੰਘ, ਗਗਨਦੀਪ ਬਰਨਾਲਾ, ਬਿੱਟੂ ਮੱਲਣ, ਗੁਰਤੇਜ ਲੰਬੀ, ਸੁਖਦੇਵ ਬਹਾਦਰਗੜ੍ਹ (ਪਟਿਆਲਾ),ਤੇਜਾ ਸਿੰਘ ਬਠਿੰਡਾ, ਇਕਬਾਲ ਸਿੰਘ ਭੈਣੀ ਬਾਹੀਆ, ਮਨਦੀਪ ਲੁਧਿਆਣਾ,ਜੱਜ ਸਿੰਘ ਗਹਿਲ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਮਹਾਂਵੀਰ ਸਿੰਘ,ਪ੍ਰਦੀਪ ਸਿੰਘ ਅਤੇ ਮਹੀਪਾਲ ਸਿੰਘ ਨੇ ਵੀ ਸੰਬੋਧਨ ਕੀਤਾ।