ਅਸ਼ੋਕ ਵਰਮਾ
ਮਾਨਸਾ, 19 ਸਤੰਬਰ 2020 - ਸੰਵਿਧਾਨ ਬਚਾਓ ਮੰਚ ਦੇ ਆਗੂਆਂ ਨੇ ਖੇਤੀ ਆਰਡੀਨੈਂਸ ਜਾਰੀ ਕਰਕੇ ਮੁਲਕ ਦੇ ਸਮੁੱਚੇ ਖੇਤੀ ਖੇਤਰ ਨੂੰ ਸੰਕਟ ’ਚ ਧੱਕਣ ਦੇ ਰੋਸ ਵਜੋਂ ਸਮੂਹ ਪੰਜਾਬੀਆਂ ਨੂੰ ਭਾਰਤੀ ਜਨਤਾ ਪਾਰਟੀ ਲੀਡਰਾਂ ਦੇ ਬਾਈਕਾਟ ਅਤੇ ਪਿੰਡਾਂ ਸ਼ਹਿਰਾਂ ’ਚ ਦਾਖਲ ਨਾ ਹੋਣ ਦੇਣ ਦਾ ਸੱਦਾ ਦਿੱਤਾ ਹੈ। ਮੰਚ ਆਗੂਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਹੁਣ ਜਦੋਂ ਹਰ ਤਰਫ ਮੰਦਹਾਲੀ ਛਾਈ ਹੋਈ ਹੈ ਅਤੇ ਭਾਰਤ ’ਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਅਜਿਹੇ ਨਾਜੁਕ ਮੌਕੇ ਮੋਦੀ ਸਰਕਾਰ ਨੇ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਲਿਆ ਕੇ ਕਿਸਾਨ, ਆੜਤੀਏ ਅਤੇ ਇਨ੍ਹਾਂ ਨਾਲ ਜੁੜੇ ਹੋਰ ਲੋਕਾਂ ਨੂੰ ਧਨਾਢ ਕੰਪਨੀਆਂ ਦੇ ਰਹਿਮੋ ਕਰਮ ਤੇ ਛੱਡਣ ਵਾਲੇ ਕਰ ਦਿੱਤਾ ਹੈ।
ਮੰਚ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਹੁਣ ਤਾਂ ਕਿਸਾਨਾਂ ਤੋਂ ਬਾਅਦ ਆੜਤੀਏ ਵੱਡੀ ਗਿਣਤੀ ਵਿੱਚ ਸੜਕਾਂ ਤੇ ਉੱਤਰ ਪਏ ਹਨ।ਐਡਵੋਕੇਟ ਮਾਹਲ ਨੇ ਕਿਹਾ ਕਿ ਪਹਿਲਾਂ ਤਾਂ ਆਮ ਲੋਕ ਬੀਜੇਪੀ ਦੇ ਨੇਤਾਵਾਂ ਨੂੰ ਸਮਝਾਉਣ ਕਿ ਉਨਾਂ ਦੀ ਸਰਕਾਰ ਕਿਸ ਤਰਾਂ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ ਜਿਸ ਕਾਰਨ ਉਹ ਭਾਜਪਾ ਛੱਡਣ ਅਤੇ ਪਾਰਟੀ ਦਾ ਕੋਈ ਵੀ ਪ੍ਰੋਗਰਾਮ ਨਾ ਕਰਨ। ਉਨਾਂ ਕਿਹਾ ਕਿ ਜੇਕਰ ਉਹ ਇਸ ਤਰਾਂ ਨਹੀਂ ਸਮਝਦੇ ਤਾਂ ਫਿਰ ਉਨਾਂ ਦਾ ਘਿਰਾਓ ਕਰਨ। ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਇਕੱਲੀ ਕੈਬਨਿਟ ਵਿਚੋਂ ਅਸਤੀਫਾ ਦੇਣ ਨਾਲ ਨਾਂ ਸਾਰੇ ਬਲਕਿ ਐਨਡੀਏ ਨਾਲੋਂ ਪੂਰਨ ਤੌਰ ਤੇ ਤੋੜ ਵਿਛੋੜਾ ਕਰਨ।
ਕਮਿਊਨਿਸਟ ਪਾਰਟੀ ਆਗੂ ਕਰਿਸ਼ਨ ਚੌਹਾਨ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਮਾਰੂ ਨੀਤੀਆਂ ’ਤੇ ਚੱਲ ਪਈ ਹੈ ਜਿਸ ਕਰਕੇ ਅਜ਼ਾਦੀ ਦੀ ਲੜਾਈ ਦੀ ਤਰਾਂ ਹੀ ਕਿਸਾਨ ਆਰਡੀਨੈਂਸ ਵਾਪਸ ਕਰਵਾਉਣ ਲਈ ਲੜਾਈ ਲੜਨੀ ਪੈਣੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਮਹੂਰੀ ਢੰਗਾਂ ਨਾਲ ਭਾਜਪਾ ਦੇ ਨੇਤਾਵਾਂ ਦਾ ਆਪਣੇ ਪਿੰਡਾਂ ਅਤੇ ਕਸਬਿਆਂ ਵਿੱਚ ਵਿਰੋਧ ਕਰਨ।ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਧੰਨਾ ਮੱਲ ਗੋਇਲ ਨੇ ਕਿਹਾ ਕਿ ਐਸੋਸੀਏਸ਼ਨ ਦੇ ਪਿੰਡਾਂ ਵਿੱਚ ਬੈਠੇ ਆਗੂ ਲੋਕਾਂ ਨੂੰ ਦੱਸਣਗੇ ਕਿ ਕਿਸ ਤਰਾਂ ਇਹ ਖੇਤੀਬਾੜੀ ਸਬੰਧੀ ਲਿਆਂਦੇ ਗਏ ਆਰਡੀਨੈਂਸ ਕਿਸਾਨ ਵਿਰੋਧੀ ਹਨ।