ਰਾਸ਼ਟਰਪਤੀ ਤੋਂ ਕੀਤੀ ਬਿੱਲ ਖ਼ਾਰਜ ਕਰਨ ਦੀ ਮੰਗ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ 2020 - ਟੈਕਨੀਕਲ ਸਰਵਿਸਜ ਯੂਨੀਅਨ ਸਬ ਡਵੀਜਨ ਬਰੀਵਾਲਾ ਦੀ ਜਰਨਲ ਬਾਡੀ ਦੀ ਮੀਟਿੰਗ ਪ੍ਰਧਾਨ ਬੱਲਾ ਸਿੰਘ ਅਤੇ ਅਮਰਜੀਤ ਪਾਲ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਕਾਫੀ ਸਰਗਰਮ ਸਾਥੀਆਂ ਨੇ ਹਿੱਸਾ ਲਿਆ। ਮੀਟਿੰਗ ’ਚ ਠੇਕਾ ਮੁਲਾਜ਼ਮ ਸਮੇਤ ਵੱਡੀ ਗਿਣਤੀ ’ਚ ਸਾਥੀ ਹਾਜ਼ਰ ਹੋਏ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਅਤੇ ਪਾਸ ਕੀਤੇ ਗਏ ਖੇਤੀ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਜਿਨ੍ਹਾਂ ਖਿਲਾਫ਼ ਥਾਂ-ਥਾਂ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੋ ਰਹੇ ਹਨ। ਮਜ਼ਦੂਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੀ ਟੈਕਨੀਕਲ ਸਰਵਿਸਜ਼ ਯੂਨੀਅਨ ਸ/ਡ ਬਰੀਵਾਲਾ ਪੂਰਨ ਹਮਾਇਤ ਕਰਦੀ ਹੈ ਅਤੇ ਰਾਸ਼ਟਰਪਤੀ ਤੋਂ ਲੋਕ ਵਿਰੋਧੀ ਬਿੱਲ ਖਾਰਜ ਕਰਨ ਦੀ ਮੰਗ ਕਰਦੀ ਹੈ। ਆਗੂਆਂ ਨੇ ਕਿਹਾ ਕਿ ਇਹ ਸਾਰੇ ਬਿੱਲ ਨਿੱਜੀਕਰਨ ਦੀ ਨੀਤੀ ਦਾ ਹੀ ਹਿੱਸਾ ਹਨ। ਕੇਂਦਰ ਸਰਕਾਰ ਇਹ ਆਰਡੀਨੈਂਸ ਪਾਸ ਕਰਕੇ ਪਹਿਲਾਂ ਹੀ ਕਰਜੇ ਦੀ ਮਾਰ ਝੱਲ ਰਹੇ ਕਿਸਾਨਾਂ, ਮਜ਼ਦੂਰਾਂ ਨੂੰ ਖੇਤੀ ਖੇਤਰ ਵਿੱਚੋਂ ਬਾਹਰ ਕੱਢਕੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਅਤੇ ਮੰਡੀਆਂ ਬੰਦ ਕਰਕੇ ਨਿੱਜੀਕਰਣ ਕਰਨਾ ਚਾਹੁੰਦੀ ਹੈ। ਬਿਜਲੀ ਸੋਧ 2020 ਪਾਸ ਕਰਕੇ ਬਿਜਲੀ ਖੇਤਰ ਦਾ ਨਿੱਜੀਕਰਣ ਕਰਨਾ ਚਾਹੁੰਦੀ ਹੈ। ਇਸ ਬਿੱਲ ਨਾਲ ਜਿੱਥੇ ਕਿਸਾਨਾਂ, ਮਜ਼ਦੂਰਾਂ ਨੂੰ ਮਿਲਦੀ ਸਬਸਿਡੀ ਬੰਦ ਹੋਣੀ ਹੈ ਅਤੇ ਮੁਲਾਜ਼ਮਾਂ ਦੀਆਂ ਵੀ ਛਾਂਟੀਆਂ ਦਾ ਰਾਹ ਪੱਧਰਾ ਹੋਣਾ ਹੈ।
ਇਸ ਨੀਤੀ ਤਹਿਤ ਪਹਿਲਾਂ ਹੀ ਪੀਐਸਪੀਸੀਐਲ ਵਿੱਚ ਖਾਲੀ ਪਈਆਂ 40,000 ਅਸਾਮੀਆਂ ਖ਼ਤਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸੇ ਤਹਿਤ ਹੀ ਮੁਲਾਜ਼ਮਾਂ ਦੇ ਸਕੇਲਾਂ ਨੂੰ ਕੇਂਦਰ ਸਰਕਾਰ ਨਾਲ ਜੋੜਿਆ ਜਾ ਰਿਹਾ ਹੈ, ਡੀਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ, 6ਵਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ, ਠੇਕੇ ’ਤੇ ਕੰਮ ਕਰਦੇ ਕਾਮਿਆਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ, ਨਵੀਂ ਪੱਕੀ ਭਰਤੀ ਬੰਦ ਕੀਤੀ ਹੋਈ ਹੈ, ਕਲੈਰੀਕਲ ਕਾਮੇ ਭਰਤੀ ਕਰਨ ਦੀ ਬਜਾਏ ਟੈਕਨੀਕਲ ਕਾਮਿਆਂ ਨੂੰ ਦਫ਼ਤਰਾਂ ਵਿੱਚ ਬਿਠਾ ਕੇ ਫੀਲਡ ਦੇ ਕਾਮਿਆਂ ਤੇ ਬੋਝ ਪਾਇਆ ਜਾ ਰਿਹਾ ਹੈ, ਮਿ੍ਰਤਕਾਂ ਦੇ ਰਹਿੰਦੇ ਵਾਰਸਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ, ਕੰਟਰੈਕਟ ਕਾਮਿਆਂ ਨੂੰ ਸਿੱਖਿਅਤ ਕਾਮੇ ਨਹੀਂ ਮੰਨਿਆ ਜਾ ਰਿਹਾ, ਸਗੋਂ ਸਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਨਾ ਦੇ ਕੇ ਅੰਨੀ ਲੁੱਟ ਕੀਤੀ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਖੇਤੀ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਵਾਪਸ ਲਏ ਜਾਣ, ਟੈਕਨੀਕਲ ਕਾਮਿਆਂ ਤੋਂ ਟੈਕਨੀਕਲ ਕੰਮ ਹੀ ਲਿਆ ਜਾਵੇ ਅਤੇ ਸਟੇਟ ਕਮੇਟੀ ਟੀਐਸਯੂ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ। ਮੀਟਿੰਗ ਵਿੱਚ ਬੱਲਾ ਸਿੰਘ, ਗੁਰਦਿੱਤ ਸਿੰਘ, ਫਕੀਰ ਸਿੰਘ, ਸੁਖਮਿੰਦਰ ਸਿੰਘ ਤੋਂ ਇਲਾਵਾ ਅਮਰਜੀਤ ਪਾਲ਼ ਸ਼ਰਮਾ ਸਕੱਤਰ ਬਰੀਵਾਲਾ ਹਾਜ਼ਰ ਸਨ।