ਅਸ਼ੋਕ ਵਰਮਾ
ਬਠਿੰਡਾ, 31 ਅਕਤੂਬਰ 2020 - ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ 2020 ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਮੁਲਕ ਭਰ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ 5 ਨਵੰਬਰ ਨੂੰ ਜਰਨੈਲੀ ਸੜਕਾਂ ਜਾਮ ਕਰਨ ਅਤੇ ਬਣਾਂਵਾਲੀ, ਰਾਜਪੁਰਾ, ਥਰਮਲਾਂ, ਅਤੇ ਅੰਡਾਨੀ ਦੇ ਸੈਅਲੋ ਗੁਦਾਮ ਅੱਗੇ ਵੱਡੇ ਇਕੱਠ ਕਰਨ ਦਾ ਜੋਰਦਾਰ ਸੱਦਾ ਦਿੱਤਾ। ਬਠਿੰਡਾ ਜਿਲ੍ਹੇ ਵਿੱਚ ਚੱਲ ਰਹੇ ਅੱਜ 31ਵੇਂ ਦਿਨ ਦੇ ਮੋਰਚਿਆਂ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ, ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ ਮਾਈਸਰਖਾਨਾ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਦਲਾਖੋਰੀ ਭਾਵਨਾ ਤਹਿਤ ਪੰਜਾਬ ਚੋਂ ਮਾਲ ਗੱਡੀਆਂ ਬੰਦ ਕਰਨ ਦਾ ਜਬਾਨੀ ਫੁਰਮਾਨ ਚਾੜ੍ਹਿਆ ਤੇ ਪੰਜਾਬ ਦਾ ਵਿਕਾਸ ਫੰਡ ਰੋਕਿਆ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਢੁੱਕਵੀਂ ਸਹਾਇਤਾ ਦੇਣ ਦੀ ਦਾਬਾ ਪਾਉਣ ਲੱਗੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਉਹਨਾਂ ਆਖਿਆ ਕਿ ਪਿਛਲੇ ਦਿਨੀਂ ਝੋਨੇ ਦੀ ਪਰਾਲੀ ਨੂੰ ਸਾੜਨ ਵਾਲੇ ਕਿਸਾਨ ਨੂੰ ਇਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਸਜਾ ਦੇ ਨਾਦਰਸ਼ਾਹੀ ਫੁਰਮਾਨ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ ਹੈ ਜਿਸ ਕਰਕੇ ਉਹ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਮਜਬੂਰ ਹੋਏ ਹਨ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੁਝਾਅ ਕਿ 200 ਰੁਪਏ ਪ੍ਰਤੀ ਕੁਇੰਟਲ ਮੁਆਵਜਾ , ਇਥੋਂ ਤੱਕ ਜੋ ਕਿ ਕਿਸਾਨ ਨੂੰ ਮਮੂਲੀ ਰਾਹਤ ਮਿਲਦੀ ਸੀ ਉਹ ਵੀ ਲਾਗੂ ਨਹੀਂ ਕੀਤਾ ਪਰ ਬਦਲਾਖੋਰੀ ਤਹਿਤ ਤਗਲਕੀ ਫਰਮਾਨ ਜਾਰੀ ਕਰ ਦਿੱਤਾ ਹੈ। ਸਾਰੇ ਹੀ ਬੁਲਾਰਿਆਂ ਨੇ ਇੱਕ ਸੁਰ ਚ ਐਲਾਨ ਕੀਤਾ ਕਿ ਮੋਦੀ ਸਰਕਾਰ ਖਿਲਾਫ 5 ਨਵੰਬਰ ਦੇ ਜਾਮ ਉਪਰੰਤ ਸੰਘਰਸ਼ ਦਾ ਪ੍ਰਚੰਡ ਚਿਹਰਾ ਸਾਹਮਣੇ ਲਿਆਂਦਾ ਜਾਏਗਾ। ਅੱਜ ਦੇ ਬੁਲਾਰਿਆਂ 'ਚ ਜਗਸੀਰ ਝੁੰਬਾ ਬਸੰਤ ਸਿੰਘ ਕੋਠਾ ਗੁਰਮੇਲ ਸਿੰਘ ਬਬਲੀ ਪਰਮਜੀਤ ਕੌਰ ਪਿੱਥੋ ਕਰਮਜੀਤ ਕੌਰ ਲਹਿਰਾ ਖਾਨਾ ਮਾਲਣ ਕੌਰ ਕੋਠਾਗੁਰੂ ਹਰਪ੍ਰੀਤ ਕੌਰ ਜੇਠੂਕੇ ਸ਼ਾਮਲ ਹਨ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਕੈਂਪ ਜਾਰੀ ਰੱਖਿਆ ਜਾ ਰਿਹਾ ਹੈ।