ਅਸ਼ੋਕ ਵਰਮਾ
ਬਠਿੰਡਾ, 1 ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਜੀਦਾ ਟੋਲ ਪਲਾਜ਼ੇ ਤੇ ਸ਼ੁਰੂ ਕੀਤੇ ਗਏ ਪੱਕੇ ਮੋਰਚੇ ਦੇ ਪਹਿਲੇ ਦਿਨ ਵੱਖ ਵੱਖ ਤਰ੍ਹਾਂ ਦੀਆਂ ਗੱਡੀਆਂ ਵਾਲਿਆਂ ਨੂੰ ਮੌਜ ਲੱਗੀ ਰਹੀ। ਹਾਲਾਂਕਿ ਸ਼ੁਰੂਆਤੀ ਦੌਰ ’ਚ ਤਾਂ ਟੋਲ ਟੈਕਸ ਦੀ ਪਰਚੀ ਕੱਟੀ ਜਾ ਰਹੀ ਸੀ ਪਰ ਕਿਸਾਨਾਂ ਵੱਲੋਂ ਬੰਦ ਕਰਵਾਉਣ ਨਾਲ ਗੱਡੀਆਂ ਖੁੱਲਆਮ ਲੰਘਦੀਆਂ ਰਹੀਆਂ। ਓਧਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਧੇ ਰੋਸ ਕਾਰਨ ਅੱਜ ਸਵੇਰ ਤੋਂ ਹੀ ਧਰਨਾਕਾਰੀ ਜੀਦਾ ਟੋਲ ਬੈਰੀਅਰ ਤੇ ਪੁੱਜਣੇ ਸ਼ੁਰੂ ਹੋ ਗਏ ਸਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸ਼ੁਰੂ ਕੀਤੇ ਅਣਮਿੱਥੇ ਸਮੇਂ ਦੇ ਧਰਨੇ ਸ਼ੁਰੂ ਵਿੱਚ ਕਿਸਾਨਾਂ ਦੇ ਨਾਲ ਨਾਲ ਕਿਸਾਨ ਬੀਬੀਆਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਨੇ ਦੋਸ਼ ਲਾਏ ਕਿ ਕੇਂਦਰ ਦੀ ਭਾਜਪਾ ਸਰਕਾਰ ਸਾਜਿਸ਼ ਤਹਿਤ ਪੰਜਾਬ ਦੇ ਸਾਹਿਤ, ਸੱਭਿਆਚਾਰ, ਭਾਸ਼ਾ ਅਤੇ ਬੋਲੀ ’ਤੇ ਹਮਲਾ ਕਰਨ ਪਿੱਛੋਂ ਹੁਣ ਖੇਤੀ ਅਰਥਚਾਰੇ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਵਿਚ 70 ਫੀਸਦੀ ਕਿਸਾਨਾਂ ਕੋਲ 7 ਏਕੜ ਤੋਂ ਘੱਟ ਜ਼ਮੀਨ ਹੈ ਅਤੇ ਉਹ ਅਨਾਜ ਨੂੰ ਸਟੋਰ ਕਰਨ ਤੋਂ ਅਸਮਰੱਥ ਹਨ। ਉਨਾਂ ਕਿਹਾ ਕਿ ਖੇਤੀ ਬਿੱਲਾਂ ਤੋਂ ਕਾਨੂੰਨ ਬਣਨ ’ਤੇ ਕੰਪਨੀਆਂ ਜ਼ਮੀਨਾਂ ’ਤੇ ਕਾਬਜ਼ ਹੋਣਗੀਆਂ ਅਤੇ ਕਿਸਾਨ ਆਪਣੇ ਹੀ ਖੇਤਾਂ ’ਚ ਮਜ਼ਦੂਰੀ ਕਰਨਗੇ। ਧਰਨੇ ’ਚ ਸ਼ਾਮਲ ਔਤਾਂ ਦੇ ਬੁਲੰਦ ਹੌਂਸਲੇ ਦੀ ਦਾਦ ਦਿੰਦਿਆਂ ਕਿਸਾਨ ਆਗੂ ਨੇ ਆਖਿਆ ਕਿ ਜਦੋਂ ਮੈਦਾਨ ਵਿੱਚ ਔਰਤਾਂ ਨਿੱਤਰਣ ਤਾਂ ਸੰਘਰਸ਼ੀ ਲੜਾਈਆਂ ਜਰੂਰ ਸਫਲ ਹੁੰਦੀਆਂ ਹਨ।
ਔਰਤ ਆਗੂ ਮਾਲਣ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨ ਠੋਸ ਦਿੱਤੇ ਹਨ ਜੋ ਪੰਜਾਬ ਦੇ ਕਿਸਾਨਾਂ ਦੀ ਆਰਥਿਕ, ਸਮਾਜਿਕ ਤੇ ਮਾਨਸਿਕ ਮੌਤ ਹੈ। ਉਨਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਲਈ ਰਾਹ ਪੱਧਰਾ ਕੀਤਾ ਹੈ। ਉਨਾਂ ਕਿਹਾ ਕਿ ਖੇਤੀ ਕਾਨੂੰਨਾ ਦਾ ਅਸਰ ਕਿਸਾਨਾਂ ਉੱਤੇ ਹੀ ਨਹੀਂ ਸਗੋਂ ਸਮੁੱਚੇ ਵਰਗਾਂ ਉੱਤੇ ਪੈਣਾ ਹੈ। ਉਨਾਂ ਕਿ ਇਹ ਜਦੋਂ ਤੱਕ ਨਵੇਂ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਗੱਡੀਆਂ ਇਸੇ ਤਰ੍ਹਾਂ ਹੀ ਲੰਘਣਗੀਆਂ ਅਤੇ ਧਰਨਾ ਵੀ ਜਾਰੀ ਰਹੇਗਾ। ਇਸ ਮੌਕੇ ਤੇ ਬਸੰਤ ਸਿੰਘ ਕੋਠਾ ਗੁਰੂ ਜ਼ਿਲ੍ਹਾ ਮੀਤ ਪ੍ਰਧਾਨ, ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਭਗਤਾ ਅਤੇ ਦੀਨਾ ਸਿੰਘ ਸਿਵੀਆਂ ਹਾਜ਼ਰ ਸਨ।