ਰਾਜਵੰਤ ਸਿੰਘ
- ਕੇਂਦਰ ਸਰਕਾਰ ਖਿਲਾਫ ਕੀਤੀ ਜੰਮਕੇ ਨਾਅਰੇਬਾਜ਼ੀ
ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ 2020 - ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਦੇ ਦੂਜੇ ਪੜਾਅ ਅਨੁਸਾਰ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਤਹਿਤ ਕਿਸਾਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ’ਚ ਰੇਲਵੇ ਲਾਈਨ ’ਤੇ ਧਰਨਾ ਲਾਇਆ ਗਿਆ। ਧਰਨੇ ’ਚ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ’ਚੋਂ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਨੌਜਵਾਨ ਸ਼ਾਮਲ ਹੋਏ।
ਇਸ ਦੌਰਾਨ ਕੇਂਦਰ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਂਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ, ਗੁਰਤੇਜ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਮਰਜੀਤ ਸਿੰਘ ਸੰਗੂਧੌਣ, ਭਾਕਿਯੂ ਲੱਖੋਵਾਲ ਦੇ ਗਗਨਦੀਪ ਸਿੰਘ, ਭਾਕਿਯੂ ਸਿੱਧੂਪੁਰ ਦੇ ਪੂਰਨ ਸਿੰਘ, ਸੁਖਦੇਵ ਸਿੰਘ ਬੂੜਾ ਗੁੱਜਰ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਥਾਂਦੇਵਾਲਾ, ਜਗਦੀਪ ਕੋਟਲੀ ਅਬਲੂ, ਆੜ੍ਹਤੀਆ ਐਸੋ, ਮੁਨੀਮ ਯੂਨੀਅਨ, ਨੌਜਵਾਨ ਭਾਰਤ ਸਭਾ ਦੇ ਮੰਗਾ ਆਜ਼ਾਦ, ਲਖਵੰਤ, ਹਰਪ੍ਰੀਤ ਝਬੇਲਵਾਲੀ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਸਵਿੰਦਰ ਵੱਟੂ, ਖੇਤ ਕਿਸਾਨ ਸਭਾ ਦੇ ਧਰਮਪਾਲ ਝਬੇਲਵਾਲੀ, ਡੀਟੀਐਫ ਦੇ ਜਸਵਿੰਦਰ ਝਬੇਲਵਾਲੀ, ਪਵਨ ਕੁਮਾਰ, ਪੀਐਸਯੂ ਦੇ ਗਗਨ ਸੰਗਰਾਮੀ, ਦਿਹਾਤੀ ਮਜ਼ਦੂਰ ਸਭਾ ਦੇ ਜਗਜੀਤ ਜੱਸੇਆਣਾ ਆਦਿ ਤੋਂ ਇਲਾਵਾ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਕੇਂਦਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਰੋਸ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਇਨ੍ਰਾਂ ਨਾਲ ਕਿਸਾਨੀ ਤਬਾਹ ਹੋ ਜਾਵੇਗੀ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨਿੱਜੀਕਰਨ ਨੂੰ ਬੜਾਵਾ ਦੇ ਰਹੀ ਹੈ ਜਿਸਦੇ ਚੱਲਦਿਆਂ ਅਜਿਹੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੁੱਲ੍ਹੀ ਮੰਡੀ ’ਚ ਕਿਸਾਨਾਂ ਨੂੰ ਫਸਲ ਦਾ ਵਾਜਬ ਭਾਅ ਨਹੀਂ ਮਿਲੇਗਾ। ਆਗੂਆਂ ਨੇ ਖੇਤੀ ਵਿਰੋਧੀ ਨਵੇਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਉਹ ਇਨ੍ਹਾਂ ਖੇਤੀ ਬਿੱਲਾਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ, ਕਿਉਂਕਿ ਇਹ ਬਿੱਲ ਕਿਸੇ ਦੇ ਵੀ ਹਿੱਤ ’ਚ ਨਹੀਂ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਖਾਤਰ ਹਰ ਸੰਘਰਸ਼ ਲੜਿਆ ਜਾਵੇਗਾ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਵੀ ਕੀਤੀ ਗਈ।