ਅਸ਼ੋਕ ਵਰਮਾ
ਮਾਨਸਾ, 25 ਸਤੰਬਰ 2020 - ਧਰਨੇ ਦੌਰਾਨ ਆਲ ਇੰਡੀਆ ਕਿਸਾਨ ਸੰਗਠਨ ਦੇ ਕੁਆਰਡੀਨੇਟਰ ਜੋਗੇਂਦਰ ਯਾਦਵ ਨੇ ਸਮੂਹ ਕਿਸਾਨਾ ਮਜਦੂਰਾਂ,ਵਪਾਰੀਆਂ ਅਤੇ ਹੋਰ ਵਰਗਾਂ ਨੂੰ ਮੋਦੀ ਹਕੂਮਤ ਵੱਲੋਂ ਸਿਰਜੇ ਜਾ ਰਹੇ ਦਾਬੇ ਵਾਲੇ ਮਹੌਲ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਸ੍ਰੀ ਯਾਦਵ ਅੱਜ ਮਾਨਸਾ ਜਿਲੇ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਦਿੱਤੇ ਧਰਨੇ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਉਨਾਂ ਇਸ ਗੱਲ ਤੇ ਧਰਵਾਸ ਜਾਹਰ ਕੀਤਾ ਕਿ ਲੋਕ ਮੋਦੀ ਸਰਕਾਰ ਖਿਲਾਫ ਸੜਕਾਂ ਤੇ ਨਿੱਕਲੇ ਹਨ। ਉਨਾਂ ਕਿਹਾ ਕਿ ਕਰੋਨਾ ਦੀ ਆੜ ’ਚ ਜਦੋਂ ਖੇਤੀ ਆਰਡੀਨੈਂਸਾਂ ਖਿਲਾਫ ਇਕੱਲਾ ਕਿਸਾਨ ਬਾਹਰ ਨਿੱਕਲਿਆ ਤਾਂ ਕਈ ਤਰਾਂ ਦੇ ਤੌਖਲੇ ਸਨ ਪਰ ਹੁਣ ਤਾਂ ਨੌਜਵਾਨ ਵੀ ਸੰਘਰਸ਼ ਦੇ ਮੈਦਾਨ ’ਚ ਕੁੱਦਿਆ ਹੈ। ਮੌਜੂਦਾ ਦੌਰ ਨੂੰ ਆਜ਼ਾਦੀ ਦੀ ਦੂਸਰੀ ਲੜਾਈ ਕਰਾਰ ਦਿੰਦਿਆਂ ਯਾਦਵ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਅਕਾਲੀ ਦਲ ਦੀ ਕੇਂਦਰ ’ਚ ਵਜ਼ੀਰ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ।
ਉਨਾਂ ਕਿਹਾ ਕਿ ਹੁਣ ਜਦੋਂ ਕਿਸਾਨ ਰਾਹ ਦਿਖਾ ਰਹੇ ਹਨ ਤਾਂ ਆਉਂਦੇ ਦਿਨਾਂ ਦੌਰਾਨ ਹਰਿਆਣਾ ’ਚ ਜੇਜੇਪੀ ਦੇ ਦੁਸ਼ਅੰਤ ਚੌਟਾਲਾ ਨੂੰ ਬੀਜੇਪੀ ਸਰਕਾਰ ਤੋਂ ਬਾਹਰ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਉਹ ਪੁਉਮੀਦ ਹਨ ਕਿ ਜੇਕਰ ਇਹ ਖੇਤੀ ਵਿਰੋਧੀ ਆਰਡੀਨੈਂਸ ਵਾਪਸ ਨਾ ਲਏ ਗਏ ਤਾਂ ਜਲਦੀ ਹੀ ਕਿਸਾਨ ਮੋਦੀ ਸਰਕਾਰ ਦੀ ਵਿਕਟ ਵੀ ਪੁੱਟ ਦੇਣਗੇ। ਉਨਾਂ ਕਿਹਾ ਕਿ ਕੇਂਦਰੀ ਹਕੂਮਤ ਅਜਿਹਾ ਮਹੌਲ ਸਿਰਜ ਰਹੀ ਸੀ ਕਿ ਲੋਕ ਮਾਨਸਿਕ ਪੱਧਰ ਤੇ ਭਾਜਪਾਈ ਸੋਚ ਖਿਲਾਫ ਸਿਰ ਉਠਾਉਣ ਦਾ ਹੀਆ ਨਾਂ ਕਰਨ ਪਰ ਪੰਜਾਬੀਆਂ ਨੇ ਦਿਖਾ ਦਿੱਤਾ ਹੈ ਕਿ ਉਹ ਚੁੱਪ ਬੈਠਣ ਵਾਲੇ ਨਹੀਂ ਹਨ। ਉਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਉਸਾਰਿਆ ਮਹੌਲ ਸਮੁੱਚੇ ਸਮਾਜ ਲਈ ਚੁਣੌਤੀ ਹੈ ਜਿਸ ਖਿਲਾਫ ਬੋਲਣਾ ਜਰੂਰੀ ਹੈ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬਿਹਤਰ ਸਮਾਜ ਚਾਹੁੰਦੇ ਹਨ ਤਾਂ ਘਰਾਂ ਵਿੱਚੋਂ ਬਾਹਰ ਨਿਕਲਣ।
ਇਸ ਤੋਂ ਪਹਿਲਾਂ ਕਿਸਾਨ , ਮਜ਼ਦੂਰ, ਮੁਲਾਜ਼ਮ, ਵਪਾਰੀ ਅਤੇ ਲੋਕ ਹਿਤੈਸ਼ੀ ਜਥੇਬੰਦੀਆਂ ਨੇ ਬਾਰਾਂ ਹੱਟਾ ਚੌਂਕ ’ਚ ਧਰਨਾ ਦਿੱਤਾ ਜਿੱਥੋਂ ਰੋਸ ਮਾਰਚ ਕਰਕੇ ਧਰਨਾਕਾਰੀਆਂ ਨੇ ਤਿੰਨਕੋਣੀ ਤੇ ਜਾਮ ਲਾਇਆ। ਇਸ ਮੌਕੇ ਧਰਨਾ ਦੇ ਰਹੇ ਲੋਕਾਂ ਨੇ ਕੇਂਦਰ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਪੰਜਾਬ ਦੇ ਦੁੱਖਾਂ ਲਈ ਮੋਦੀ ਨੂੰ ਜਿੰਮੇਵਾਰ ਦੱਸਿਆ। ਧਰਨੇ ਦੀ ਅਗਵਾਈ ਕਰਨ ਵਾਲਿਆਂ ’ਚ ਕਿਸਾਨ ਆਗੂਆਂ ਰੁਲਦੂ ਸਿੰਘ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਸੁਰੇਸ਼ ਨੰਦਗੜੀਆ ਨੇ ਪੂਰਨ ਬੰਦ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਸੰਘਰਸ਼ ਲਈ ਤਿਆਰ ਰਹਿਣ ਵਾਸਤੇ ਕਿਹਾ। ਇਸ ਧਰਨੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸਮੂਹ ਆਗੂਆਂ ਨੇ ਸਿਆਸੀ ਜਾਂ ਨਿੱਜੀ ਮੁਫਾਦਾਂ ਤੋਂ ਉੱਪਰ ਉਠ ਕੇ ਆਰਡੀਨੈਂਸਾਂ ਦੇ ਵਾਪਸ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਆਗੂਆਂ ਨੇ ਕਿਹਾ ਕਿ ਇਹ ਲੜਾਈ ਮੋਦੀ ਸਰਕਾਰ ਦੇ ਕਫਨ ’ਚ ਆਖਰੀ ਕਿੱਲ ਸਾਬਤ ਹੋਵੇਗੀ।
ਅੱਜ ਦੇ ਇਸ ਧਰਨੇ ’ਚ ਤਰਕਸ਼ੀਲ ਇਸਤਰੀ ਸਭਾ ਦੇ ਆਗੂ ਜਸਬੀਰ ਕੌਰ ਨੱਤ, ਕਿਸਾਨ ਆਗੂ ਬੋਘ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਬਲਵੀਰ ਕੌਰ, ਮਹਿੰਦਰ ਸਿੰਘ ਭੈਣੀ ਬਾਘਾ, ਕਾ. ਰਾਜਵਿੰਦਰ ਸਿੰਘ ਰਾਣਾ ਤੇ ਸੁਖਦਰਸ਼ਨ ਨੱਤ, ਡਾ. ਧੰਨਾ ਮੱਲ ਗੋਇਲ ਅਤੇ ਸ਼ਹਿਰ ਦੀਆਂ ਇੱਕ ਦਰਜਨ ਦੇ ਕਰੀਬ ਵਪਾਰਕ ਜੱਥੇਬੰਦੀਆਂ ਤਾਂ ਇਲਾਵਾ ਸੀਪੀਆਈ ਦੇ ਜਨਰਲ ਸਕੱਤਰ ਤੇ ਸਾਬਕਾ ਐਮਐਲਏ ਹਰਦੇਵ ਅਰਸ਼ੀ, ਪੰਜਾਬ ਏਕਤਾ ਪਾਰਟੀ ਵੱਲੋਂ ਕਰਮਜੀਤ ਕੌਰ ਚਹਿਲ, ਗੁਰਸੇਵਕ ਸਿੰਘ ਜਵਾਹਰਕੇ), ਗੁਰਪ੍ਰੀਤ ਸਿੰਘ ਭੁੱਚਰ ਤੇ ਕਮਲ ਗੋਇਲ, ਲੋਕ ਇਨਸਾਫ ਪਾਰਟੀ ਦੇ ਮਨਜੀਤ ਸਿੰਘ ਤੇ ਜਗਦੇਵ ਸਿੰਘ ਰਾਇਪੁਰ, ਆਰਐਮਪੀਆਈ ਦੇ ਮੇਜਰ ਸਿੰਘ ਦੂਲੋਵਾਲ ਅਤੇ ਬਹੁਜਨ ਸਮਾਜ ਪਾਰਟੀ ਦੀ ਟੀਮ ਦੇ ਆਗੂ ਹਾਜਰ ਸਨ।