ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2020 - ਦਸ ਵਰ੍ਹੇ ਲਗਾਤਾਰ ਪੰਜਾਬ ਦੀ ਸੱਤਾ ਮਾਨਣ ਅਤੇ ਕੇਂਦਰ ’ਚ ਦੂਸਰੀ ਵਾਰ ਵਜ਼ੀਰੀ ਹਾਸਲ ਕਰਨ ਵੇਲੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਿਆਸੀ ਮਜਬੂਰੀਆਂ ਨੇ ਟਰੈਕਟਰਾਂ ਤੇ ਚੜ੍ਹਾ ਦਿੱਤਾ ਹੈ। ਅੱਜ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਧਰਮਪਤਨੀ ਟਰੈਕਟਰ 'ਤੇ ਸਵਾਰ ਹੋ ਕੇ ਲੰਬੀ ਧਰਨੇ ’ਚ ਸ਼ਾਮਲ ਹੋਏ ਹਨ ਜਦੋਂਕਿ ਪਾਰਟੀ ਨੇ ਹੋਰ ਵੀ ਵੱਖ ਵੱਖ ਥਾਵਾਂ 'ਤੇ ਧਰਨਿਆਂ ਦਾ ਦੌਰ ਚਲਾਇਆ ਹੈ। ਹਾਲਾਂਕਿ ਅਕਾਲੀ ਦਲ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਸੰਘਰਸ਼ ਕਿਸਾਨਾਂ ਦੇ ਹਿੱਤਾਂ ਖਾਤਰ ਸ਼ੁਰੂ ਕੀਤਾ ਹੈ ਪਰ ਸਿਆਸੀ ਮਾਹਿਰ ਇਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਆਰਡੀਨੈਂਸਾਂ ਨੂੰ ਲੈਕੇ ਬੈਕਫੁੱਟ ਤੇ ਚੱਲ ਰਹੇ ਅਕਾਲੀ ਦਲ ਵੱਲੋਂ ਵਾਪਸੀ ਲਈ ਕੀਤੇ ਜਾ ਹੀਲਿਆਂ ਨਾਲ ਜੋੜ ਕੇ ਦੇਖ ਰਹੇ ਹਨ। ਇਸੇ ਕਾਰਨ ਹੀ ਅੱਜ ਦੇ ਧਰਨਿਆਂ ਦੌਰਾਨ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫੇ ਦਾ ਮੁੱਦਾ ਛਾਇਆ ਰਿਹਾ॥
ਅਕਾਲੀ ਆਗੂਆਂ ਨੇ ਇਸ ਨੂੰ ਕਿਸਾਨਾਂ ਦੇ ਹਿੱਤਾਂ ਖਾਤਰ ਦਿੱਤਾ ਹੈ ਦੱਸਿਆ ਅਤੇ ਵਡਿਆਉਣ ਦੀ ਕੋਸ਼ਿਸ਼ ਕੀਤੀ। ਉਂਝ ਵੀ ਇਹੋ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਘਰਾਂ ਵਿੱਚ ਤੜੇ ਵਰਕਰਾਂ ਨੂੰ ਬਾਹਰ ਕੱਢਣ ਲਈ ਅੱਜ ਤੋਂ ਧਰਨਿਆ ਰਾਹੀਂ ਮਿਸ਼ਨ ਮਨੋਬਲ ਦੀ ਸ਼ੁਰੂਆਤ ਕਰ ਦਿੱਤੀ ਹੈ। ਸੂਤਰ ਵੀ ਇਹੋ ਦੱਸਦੇ ਹਨ ਕਿ ਇਹ ਧਰਨੇ ਅਸਤੀਫੇ ’ਚ ਹੋਈ ਦੇਰੀ ਕਾਰਨ ਬਣੇ ਸਿਆਸੀ ਡੈਮੇਜ ਕੰਟਰੋਲ ਕਰਨ ਲਈ ਹਨ। ਸਾਬਕਾ ਉੱਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ। ਅਕਾਲੀ ਆਗੂ ਨੇ ਧਰਨਿਆ ਬਹਾਨੇ ਅੱਜ ਨਾਂ ਕੇਵਲ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਬਲਕਿ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਪਾਰਟੀ ਦੀ ਸਿਆਸੀ ਤਾਕਤ ਦਿਖਾਉਣ ਦਾ ਏਜੰਡਾ ਪ੍ਰਤੱਖ ਕਰ ਦਿੱਤਾ ਹੈ ਬਲਕਿ ਇਹ ਦਰਸਾਉਣ ਦੀ ਕੋਸ਼ਿਸ ਕੀਤੀ ਹੈ ਕਿ ਉਹ ਇਕੱਲੇ ਚੱਲਣ ਦੇ ਵੀ ਸਮਰੱਥ ਹਨ।
ਦੱਸਣਾ ਬਣਦਾ ਹੈ ਕਿ ਪੰਜਾਬ ’ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਕਾਫੀ ਘੱਟ ਸੀਟਾਂ ਮਿਲੀਆਂ ਤੇ ਉਹ ਵਿਰੋਧੀ ਧਿਰ ਬਣਨ ਤੋਂ ਵੀ ਖੁੰਝ ਗਿਆ ਸੀ। ਉਸ ਮਗਰੋਂ ਪਾਰਟੀ ਖੁੱਸੀ ਹੋਈ ਲਗਾਤਾਰ ਸਿਆਸੀ ਜ਼ਮੀਨ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਸੀ। ਅਜੇ ਸਾਹ ਵੀ ਨਹੀਂ ਲਿਆ ਸੀ ਕਿ 5 ਜੂਨ 2020 ਨੂੰ ਕੇਂਦਰ ਵਿਚਲੀ ਐਨਡੀਏ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸ ਜਾਰੀ ਕਰ ਦਿੱਤੇ ਜਿਸ ਦਾ ਕਿਸਾਨਾਂ ਅਤੇ ਕਾਂਗਰਸ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ। ਕਿਸਾਨ ਮੰਗ ਕਰ ਰਹੇ ਸਨ ਕਿ ਜਦੋਂ ਅਕਾਲੀ ਦਲ ਕੇਂਦਰ ’ਚ ਭਾਈਵਾਲ ਹੈ ਤਾਂ ਉਹ ਆਰਡੀਨੈਂਸਾਂ ਨੂੰ ਲੈਕੇ ਅਸਤੀਫਾ ਦੇਵੇ। ਲਗਾਤਾਰ ਆਰਡੀਨੈਂਸ ਮਾਮਲੇ ਤੇ ਦਲੀਲਾਂ ਦੇ ਬਾਵਜੂਦ ਜਦੋਂ ਮਾਮਲਾ ਕਿਸੇ ਤਣ ਪੱਤਣ ਨਾ ਲੱਗਿਆ ਤਾਂ ਬੀਬੀ ਬਾਦਲ ਨੂੰ ਅਸਤੀਫਾ ਦੇਣ ਪਿਆ ਤਾਂ ਹੁਣ ਭਾਜਪਾ ਨਾਲੋਂ ਤੋੜ ਵਿਛੋੜੇ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਆਗੂ ਭਾਵੇਂ ਇਸ ਨੂੰ ਕਿਸਾਨਾਂ ਦੇ ਹੱਕ ’ਚ ਕੀਤੀ ਕੁਰਬਾਨੀ ਦੱਸਦੇ ਹੋਣ ਪਰ ਕਿਸਾਨ ਇਸ ਨੂੰ ਸੰਘਰਸ਼ ਦੇ ਦਬਾਅ ਦਾ ਸਿੱਟਾ ਦੱਸ ਰਹੇ ਹਨ।
ਮਹੱਤਵਪੂਰਨ ਤੱਥ ਹੈ ਕਿ ਅਸਤੀਫੇ ਨੂੰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਬਿਆਨਾਂ ਰਾਹੀਂ ਸਹੀ ਠਹਿਰਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਪਰ ਇਹ ਅਕਾਲੀ ਵਰਕਰਾਂ ’ਚ ਹਿੰਮਤ ਨਹੀਂ ਭਰ ਸਕੇ ਹਨ। ਲਿਹਾਜਾ ਵਰਕਰਾਂ ਨੂੰ ਚੜਦੀ ਕਲਾ ਵਿੱਚ ਲਿਆਉਣ ਲਈ ਹੁਣ ਧਰਨਿਆਂ ਦਾ ਰਾਹ ਚੁਣਿਆ ਗਿਆ ਹੈ। ਇਸੇ ਕਾਰਨ ਹੀ ਹੁਣ ਅਕਾਲੀ ਦਲ ਵੱਲੋਂ ਵਰਕਰਾਂ ਤੇ ਸੀਨੀਅਰ ਲੀਡਰਸ਼ਿਪ ਨੂੰ ਪੱਬਾਂ ਭਾਰ ਕਰ ਦਿੱਤਾ ਗਿਆ ਹੈ ਜਿਸ ਦੇ ਸਿੱਟੇ ਵਜੋਂ ਅਕਾਲੀ ਦਲ ਤਲਵੰਡੀ ਸਾਬੋ ’ਚ ਇਕੱਠ ਕਰਨ ’ਚ ਸਫਲ ਵੀ ਰਿਹਾ ਹੈ। ਅੱਜ ਬਠਿੰਡਾ ’ਚ ਵੀ ਦੋ ਹਲਕਿਆਂ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਦੇ ਧਰਨੇ ’ਚ ਬੁਲਾਰਿਆਂ ਦਾ ਬਹੁਤਾ ਜੋਰ ਅਸਤੀਫੇ ਨੂੰ ਸਹੀ ਸਿੱਧ ਕਰਨ ਅਤੇ ਭਾਜਪਾ ਨੂੰ ਭੰਡਣ ਤੇ ਲੱਗਿਆ ਰਿਹਾ। ਇਸ ਮਾਮਲੇ ਸਬੰਧੀ ਬਠਿੰਡਾ ਦੇ ਸੀਨੀਅਰ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਨੇ ਫੋਨ ਨਹੀਂ ਚੁੱਕਿਆ ਜਦੋਂਕਿ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਫੋਨ ਬੰਦ ਆ ਰਿਹਾ ਸੀ।
ਅਸੀਂ ਅੰਤ ਤੱਕ ਕੋਸ਼ਿਸ਼ ਕੀਤੀ - ਵਿਰਸਾ ਸਿੰਘ ਵਲਟੋਹਾ
ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਸੀ ਕਿ ਪਾਰਟੀ ਨੇ ਪੂਰੀ ਕੋਸ਼ਿਸ਼ ਕੀਤੀ ਕਿ ਜੋ ਕਿਸਾਨ ਚਾਹੁੰਦੇ ਹਨ ਉਸ ਨੂੰ ਪੂਰਾ ਕਰਬਵਾਇਆ ਜਾਏ। ਸਾਨੂੰ ਆਸ ਸੀ ਕਿ ਜੇ ਇਹ ਆਰਡੀਨੈਂਸ ਲਿਆਂਦੇ ਗਏ ਤਾਂ ਸੁਧਾਰ ਕੇ ਲਿਆਂਦੇ ਜਾਣਗੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਨੇ ਆਰਡੀਨੈਂਸ ਸਿਲੈਕਟ ਕਮੇਟੀ ਨੂੰ ਭੇਜ ਦਿੱਤੇ ਜਾਣ। ਉਨ੍ਹਾਂ ਆਖਿਆ ਕਿ ਸਾਡੀ ਗੱਲ ਸੁਣਨ ਦੇ ਬਾਵਜੂਦ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਗੱਲ ਬੇਅਸਰ ਰਹੀ ਤਾਂ ਅਕਾਲੀ ਸੰਸਦ ਮੈਂਬਰਾਂ ਨੇ ਡੱਟ ਕੇ ਵਿਰੋਧ ਕੀਤਾ ਹੈ। ਉਨ੍ਹਾਂ ਆਖਿਆ ਕਿ ਕਿਸਾਨੀ ਸੰਘਰਸ਼ ਵਾਸਤੇ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ। ਉਨ੍ਹਾਂ ਆਖਿਆ ਕਿ ਪਾਰਟੀ ਕਿਸਾਨਾਂ ਦੀ ਲੜਾਈ ਲੜ ਰਹੀ ਹੈ ਅਤੇ ਲੜਦੀ ਰਹੇਗੀ ਇਸ ’ਚ ਹੋਰ ਕੋਈ ਗੱਲ ਨਹੀਂ ਹੈ।