ਅਸ਼ੋਕ ਵਰਮਾ
ਬਠਿੰਡਾ, 24 ਸਤੰਬਰ 2020 - ਪੰਜਾਬ ’ਚ ਆਏ ਖੇਤੀ 'ਤੇ ਸੰਕਟ ਕਾਰਨ ਸਿਰਫ ਕਿਸਾਨ ਖੁਦਕਸ਼ੀਆਂ ਦਾ ਦੌਰ ਹੀ ਨਹੀਂ ਚੱਲਿਆ ਬਲਕਿ ਲੋਕ ਘੋਲਾਂ ਦੌਰਾਨ ਕਰੀਬ ਦੋ ਦਰਜਨ ਕਿਸਾਨਾਂ ਨੇ ਸ਼ਹਾਦਤ ਵੀ ਦਿੱਤੀ ਹੈ। ਖੇਤੀ ਬਿੱਲਾਂ ਕਾਰਨ ਸ਼ੁਰੂ ਹੋਏ ਕਿਸਾਨ ਮੋਰਚੇ ਦੌਰਾਨ ਤਾਂ ਦੋ ਦਿਨ ਦੇ ਫਰਕ ਨਾਲ ਦੋ ਕਿਸਾਨ ਜਹਾਨੋ ਤੁਰ ਗਏ ਹਨ। ਤਾਜਾ ਮਾਮਲੇ ਲੋਕ ਲਹਿਰਾਂ ਵਾਲੇ ਖਿੱਤੇ ਨਾਲ ਸਬੰਧਤ ਮਾਨਸਾ ਜ਼ਿਲ੍ਹੇ ਦੇ ਹਨ। ਬਾਦਲ ਮੋਰਚੇ ’ਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਨੂੰਨਾਂ ’ਚ ਬਦਲਾਅ ਦੀ ਮਾਰ ਹੇਠ ਪਿੰਡ ਅੱਕਾਵਾਲੀ ਦਾ ਕਿਸਾਨ ਪ੍ਰੀਤਮ ਸਿੰਘ ਆਇਆ ਹੈ ਜਦੋਂਕਿ ਪਿੰਡ ਕਿਸ਼ਨਗੜ ਦੇ ਕਿਸਾਨ ਦੀ ਮੋਰਚੇ ’ਚ ਪਰਤਦਿਆਂ ਹਾਦਸੇ ਦੌਰਾਨ ਮੌਤ ਹੋਈ ਹੈ। ਇੰਨ੍ਹਾਂ ਦੋਵਾਂ ਮੌਤਾਂ ਨੇ ਸੰਘਰਸ਼ੀ ਧਿਰਾਂ ਦੇ ਜਖਮ ਹਰੇ ਕਰ ਦਿੱਤੇ ਹਨ । ਇਸ ਤੋਂ ਪਹਿਲਾਂ ਚਿੱਟੇ ਮੱਖੀ ਕਾਰਨ ਸਾਲ 2015 ’ਚ ਚੱਲੇ ਬਠਿੰਡਾ ਦੇ ਕਿਸਾਨ ਮੋਰਚਾ ਪੰਡਾਲ ’ਚ ਕਿਸਾਨ ਕੁਲਦੀਪ ਸਿੰਘ ਨੇ ਜਾਨ ਦੇ ਦਿੱਤੀ ਸੀ ਜਦੋਂਕਿ ਇਸ ਤੋਂ ਹਫਤਾ ਪਹਿਲਾਂ ਮਜਦੂਰ ਮੰਦਰ ਸਿੰਘ ਵੀ ਇਸੇ ਰਾਹ ਤੁਰਿਆ ਸੀ।
ਵੇਰਵਿਆਂ ਮੁਤਾਬਕ ਸੰਘਰਸ਼ਾਂ ਦੌਰਾਨ ਮਾਨਸਾ ਜਿਲ੍ਹੇ ਦੇ ਕਿਸਾਨ ਸਭ ਤੋਂ ਵੱਧ ਸ਼ਹੀਦ ਹੋਏ ਹਨ ਜਦੋਂ ਕਿ ਬਰਨਾਲਾ ਦੂਜੇ ਸਥਾਨ ’ਤੇ ਹੈ। ਉਂਜ ਕਿਸਾਨ ਅੰਦੋਲਨ ਦੇ ਲੇਖੇ ਲੱਗਣ ਨਾਲ ਜੁੜਿਆ ਵੱਡਾ ਮਾਮਲਾ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਦਾ ਹੈ ਜਿਸ ਨੂੰ ਕਿਸਾਨ ਲਾਮਬੰਦੀ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਇਸ ਹਮਲੇ ’ਚ ਕਈ ਕਿਸਾਨ ਆਗੂਆਂ ਦੀਆਂ ਲੱਤਾਂ ਬਾਹਾਂ ਤੋੜਕੇ ਬੁਰੀ ਤਰਾਂ ਜਖਮੀ ਕਰ ਦਿੱਤਾ ਗਿਆ ਸੀ। ਮਾਨਸਾ ਜਿਲ੍ਹੇ ਦੇ ਪਿੰਡ ਕੋਟਧਰਮੂ ਵਾਸੀ ਬੀਕੇਯੂ ਉਗਰਾਹਾਂ ਦੇ ਆਗੂ ਭੂਰਾ ਸਿੰਘ ਦੀ ਨਾਭਾ ਜੇਲ ’ਚ ਮੌਤ ਹੋ ਗਈ ਸੀ। ਇਸੇ ਜਿਲ੍ਹੇ ਦੇ ਪਿੰਡ ਗੋਬਿੰਦਪੁਰਾ ‘ਚ ਥਰਮਲ ਲਈ ਜਮੀਨ ਐਕਵਾਇਰ ਸੰਘਰਸ਼ ਦੌਰਾਨ ਪਿੰਡ ਕੋਟ ਦੁੱਨਾਂ ਵਿਖੇ ਪੁਲੀਸ ਜਬਰ ਨਾਲ ਕਿਸਾਨ ਸੁਰਜੀਤ ਸਿੰਘ ਹਮੀਦੀ ਸ਼ਹੀਦ ਹੋ ਗਿਆ ਸੀ ਜਦੋਂਕਿ ਇਸੇ ਮਾਮਲੇ ‘ਚ ਹੀ ਤਿੰਨ ਰੋਜਾ ਮਾਨਸਾ ਧਰਨੇ ਦੌਰਾਨ ਪਿੰਡ ਗਹਿਲਾਂ ਦੇ ਬੀ.ਕੇ.ਯੂ. ਡਕੌਂਦਾ ਦੇ ਇੱਕ ਆਗੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
ਖੇਤੀ ਸੰਕਟ ਦੀ ਪੜਤਾਲ ਮੁਤਾਬਕ ਬਠਿੰਡਾ ਪੱਟੀ ‘ਚ ਜਨਤਕ ਸੰਘਰਸ਼ਾਂ ਦੀ ਸ਼ੁਰੂਆਤ 31 ਜਨਵਰੀ, 2000 ਨੂੰ ਵਾਪਰੇ ਜੇਠੂਕੇ ਕਾਂਡ ਤੋਂ ਹੋਈ ਸੀ । ਇਸ ਕਾਂਡ ‘ਚ ਪੁਲੀਸ ਗੋਲੀ ਨਾਲ ਦੋ ਖੇਤ ਮਜ਼ਦੂਰ ਗੁਰਮੀਤ ਸਿੰਘ ਅਤੇ ਦੇਸ਼ਪਾਲ ਸ਼ਹੀਦ ਹੋ ਗਏ ਸਨ। ਮਾਲਵੇ ਦਾ ਇਹ ਉਹ ਵੱਡਾ ਸੰਘਰਸ਼ ਸੀ ਜਿਸ ਦਾ ਕੌਮੀ ਪੱਧਰ ਤੇ ਵੀ ਰੌਲਾ ਪਿਆ ਸੀ ਅਤੇ ਪੁਲਿਸ ਨੂੰ ਵੀ ਕਸੂਤੀ ਫਸਾ ਦਿੱਤਾ ਸੀ। ਜੁਲਾਈ 2001’ਚ ਤੱਤਕਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਮਾਈਸਰਖਾਨਾ ਕਾਂਡ ‘ਚ ਕਈ ਕਿਸਾਨ ਗੰਭੀਰ ਜ਼ਖਮੀ ਹੋਏ ਸਨ। ਸਾਲ 2003 ’ਚ ਬਿਜਲੀ ਨੂੰ ਲੈਕੇ ਚੱਲੇ ਸੰਘਰਸ਼ ਦੌਰਾਨ ਜ਼ਿਲਾ ਬਠਿੰਡਾ ਦੇ ਪਿੰਡ ਭਾਈ ਬਖਤੌਰ ’ਚ ਪੁਲੀਸ ਨੇ ਕਿਸਾਨਾਂ ਅਤੇ ਮਜ਼ਦੂਰਾਂ ‘ਤੇ ਧਾਵਾ ਬੋਲ ਦਿੱਤਾ ਸੀ। ਇਸ ਦੌਰਾਨ 29-30 ਸਤੰਬਰ 2003 ਦੀ ਰਾਤ ਨੂੰ ਪਿੰਡ ਮੌੜ ਚੜਤ ਸਿੰਘ ਦੇ ਕਿਸਾਨ ਗੁਰਦੇਵ ਸਿੰਘ ਮਾਰਿਆ ਗਿਆ ਸੀ ਜਦੋਂਕਿ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਲੱਤ ਤੋੜ ਦਿੱਤੀ ਗਈ ਸੀ ।
ਇਸੇ ਸਾਲ ਕਰਜ਼ਾ ਮੁੱਦੇ ‘ਤੇ ਚੱਲੇ ਘੋਲ ਦੌਰਾਨ ਮਾਨਸਾ ਪੁਲੀਸ ਦੇ ਜਬਰ ਕਾਰਨਇੱਕ ਕਿਸਾਨ ਸ਼ਹੀਦ ਹੋ ਗਿਆ ਸੀ ਜਦੋਂ ਕਿ ਅਗਸਤ 2011 ’ਚ ਪੁਲਿਸ ਵਧੀਕੀ ਕਾਰਨ ਵੀ ਇੱਕ ਕਿਸਾਨ ਦੀ ਮੌਤ ਹੋ ਗਈ ਸੀ। ਇਸੇ ਜਿਲੇ ‘ਚ ਹੀ ਕਿਸਾਨ ਆਗੂ ਪਿ੍ਰਥੀ ਸਿੰਘ ਚੱਕ ਅਲੀਸ਼ੇਰ ਨੂੰ ਗੋਲੀ ਮਾਰ ਦਿੱਤੀ ਸੀ । ਜ਼ਿਲਾ ਬਰਨਾਲਾ ‘ਚ ਜਨਵਰੀ 2007 ’ਚ ਸ਼ੁਰੂ ਹੋਕੇ ਕਰੀਬ ਢਾਈ ਸਾਲ ਚੱਲੇ ਟਰਾਈਡੈਂਟ ਸੰਘਰਸ਼ ਵਿੱਚ ਚਾਰ ਕਿਸਾਨਾਂ ਦੀ ਮੌਤ ਹੋਈ ਸੀ। ਇੱਕ ਦੀ ਰੈਲੀ ਦੌਰਾਨ ਜਦੋਂਕਿ ਜਗਰੂਪ ਸਿੰਘ ਸ਼ਾਹਪੁਰ (ਸੰਗਰੂਰ) ਅਤੇ ਸਰਮੁਖ ਸਿੰਘ ਜੇਠੂਕੇ ਸਮੇਤ ਤਿੰਨ ਜੇਲਾਂ ’ਚ ਮਾਰੇ ਗਏ ਸਨ। ਕਿਸਾਨ ਮਜ਼ਦੂਰ ਧਿਰਾਂ ਦੇ ਸੱਦੇ ‘ਤੇ 7 ਸਤੰਬਰ 2009 ਨੂੰ ਬਿਜਲੀ ਬੋਰਡ ਦੇ ਨਿੱਜੀਕਰਨ ਖਿਲਾਫ ਚੰਡੀਗੜ ‘ਚ ਹੋਏ ਵੱਡੇ ਇਕੱਠ ’ਚ ਪੁਲੀਸ ਲਾਠੀਚਾਰਜ ਨਾਲ ਬਠਿੰਡਾ ਜਿਲ਼ੇ ਦੇ ਪਿੰਡ ਚਨਾਰਥਲ ਦਾ ਜਗਸੀਰ ਸਿੰਘ ਮਾਰਿਆ ਗਿਆ ਸੀ
ਇਸੇ ਸੰਘਰਸ਼ ਤੋਂ ਵਾਪਿਸ ਪਰਤਦਿਆਂ ਬੱਸ ਤੋਂ ਡਿੱਗਣ ਨਾਲ ਕਿਸਾਨ ਬੋਘਾ ਸਿੰਘ ਪਿੰਡ ਰਾਮਨਵਾਸ ਅਤੇ ਖੇਤ ਮਜ਼ਦੂਰ ਅਜਾਇਬ ਸਿੰਘ ਤੋਂ ਇਲਾਵਾ ਪੁਲੀਸ ਦੀ ਕੁੱਟ ਕਾਰਨ ਦੋ ਹੋਰ ਕਿਸਾਨਾਂ ਦੀ ਮੌਤ ਵੀ ਹੋਈ ਸੀ। ਅੰਮਿ੍ਰਤਸਰ ਦੇ ਮਾਨਾਵਾਲਾ ਵਿਖੇ 29 ਮਾਰਚ 2004 ਨੂੰ ਇੱਕ ਕਿਸਾਨ ਸ਼ਹੀਦ ਹੋਇਆ ਸੀ ਜਦੋਂਕਿ ਬਠਿੰਡਾ ‘ਚ ਸ਼ਹੀਦ ਹੋਏ ਦੋਵਾਂ ਕਿਸਾਨਾਂ ਕੁਲਦੀਪ ਸਿੰਘ ਅਤੇ ਮਜਦੂਰ ਮੰਦਰ ਸਿੰਘ ਨੂੰ ਸ਼ਾਮਲ ਕਰਕੇ ‘ਚ ਸੰਘਰਸ਼ੀ ਸ਼ਹੀਦਾਂ ਦੀ ਗਿਣਤੀ 22 ਬਣਦੀ ਹੈ ਜਦੋਂਕਿ ਕੁੱਝ ਅਜਿਹੇ ਮਾਮਲੇ ਵੀ ਹਨ ਜੋ ਬਹੁਤੀ ਚਰਚਾ ਦਾ ਵਿਸ਼ਾ ਨਹੀਂ ਬਣੇ ਜਾਂ ਸਾਹਮਣੇ ਨਹੀਂ ਆਏ ਹਨ।
ਹਕੂਮਤਾਂ ਮਗਰਮੱਛ ਦੇ ਹੰਝੂ ਵਹਾਉਂਦੀਆਂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਹੱਕੀ ਘੋਲਾਂ ਦੌਰਾਨ ਕਿਸਾਨ ਜਹਾਨੋ ਜਾ ਰਹੇ ਹਨ ਪਰ ਹਕੂਮਤਾਂ ਸਿਰਫ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ। ਉਨਾਂ ਆਖਿਆ ਕਿ ਹੁਣ ਮੋਦੀ ਸਰਕਾਰ ਵਕਤ ਦੀ ਰਮਜ ਪਛਾਣੇ ਨਹੀਂ ਤਾਂ ਹੁਣ ਕਾਰਪੋਰੇਟ ਘਰਾਣਿਆਂ ਨੂੰ ਪੱਠੇ ਪਾਉਣ ਲਈ ਪੈਦਾ ਕੀਤੇ ਖੇਤੀ ਸੰਕਟ ਦੇ ਗੰਭੀਰ ਸਿੱਟੇ ਨਿੱਕਲ ਸਕਦੇ ਹਨ।