- ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਵੱਲੋਂ ਹਰਿਆਣਾ ਸਰਕਾਰ ਵੱਲੋਂ ਕਿਸਾਨ-ਆਗੂਆਂ ਦੀਆਂ ਗ੍ਰਿਫਤਾਰੀਆਂ ਤਾਨਾਸ਼ਾਹੀ ਕਰਾਰ
- ਪੰਜਾਬ ਦੀਆਂ 30-ਕਿਸਾਨ ਜਥੇਬੰਦੀਆਂ ਦਿੱਲੀ-ਮੋਰਚਾ ਸਫ਼ਲ ਬਣਾਉਣ ਲਈ ਪੱਬਾਂ ਭਾਰ
ਚੰਡੀਗੜ੍ਹ, 24 ਨਵੰਬਰ 2020 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਾਰਪੋਰੇਟਾਂ ਦਾ ਦਲਾਲ ਅਤੇ ਕਿਸਾਨ-ਵਿਰੋਧੀ ਕਰਾਰ ਦਿੱਤਾ ਹੈ। ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਬੀਕੇਯੂ-ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਖੱਟੜ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ ਹੈ, ਕਰੀਬ 3 ਦਰਜ਼ਨ ਕਿਸਾਨ-ਆਗੂਆਂ ਨੂੰ ਜ਼ਬਰਦਸਤੀ ਗ੍ਰਿਫਤਾਰ ਕੀਤਾ ਗਿਆ, ਘਰਾਂ 'ਚ ਛਾਪੇਮਾਰੀ ਕੀਤੀ ਗਈ, ਪਰਿਵਾਰਕ ਮੈਂਬਰਾਂ ਨੂੰ ਡਰਾਇਆ-ਧਮਕਾਇਆ ਗਿਆ ਅਤੇ ਹਰਿਆਣਾ ਦੇ ਬਾਰਡਰ-ਸੀਲ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਲਈ ਰੋਕਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
ਪਰ ਪੰਜਾਬ ਦੇ ਕਿਸਾਨ ਸੂਝ-ਬੂਝ ਵਰਤਣਗੇ ਅਤੇ ਹਰ ਸੰਭਵ ਤਰੀਕੇ ਰਾਹੀਂ ਦਿੱਲੀ ਵੱਲ ਵਧਣਗੇ। ਇਸੇ ਦੌਰਾਨ ਪੰਜਾਬ-ਭਰ 'ਚ 30 ਕਿਸਾਨ-ਜਥੇਬੰਦੀਆਂ ਦੇ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਕਾਰਪੋਰੇਟ-ਮਾਲਜ਼ ਅਤੇ ਅੰਬਾਨੀਆਂ ਦੇ ਪੰਪਾਂ 'ਤੇ ਪੱਕੇ-ਧਰਨੇ ਜਾਰੀ ਰਹੇ। ਦਿੱਲੀ ਜਾਣ ਲਈ ਟਰੈਕਟਰ-ਟਰਾਲੀਆਂ ਨੂੰ ਤਿਆਰ ਕਰਦਿਆਂ, ਜਾਗੋ-ਮਾਰਚਾਂ, ਨੁੱਕੜ-ਨਾਟਕਾਂ ਅਤੇ ਢੋਲ-ਮਾਰਚਾਂ ਰਾਹੀਂ ਹਰ ਪੰਜਾਬੀ ਨੂੰ ਕਿਸਾਨ-ਅੰਦੋਲਨ ਦਾ ਹਿੱਸਾ ਬਨਣ ਲਈ ਪ੍ਰੇਰਿਆ ਗਿਆ ਅਤੇ 26-27 ਨਵੰਬਰ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ। ਨੌਜਵਾਨਾਂ ਅਤੇ ਔਰਤਾਂ ਵੱਲੋਂ ਕਾਫ਼ਲਿਆਂ ਦੀ ਗਿਣਤੀ ਨੂੰ ਵਧਾਉਣ ਲਈ ਪੂਰੀ ਪੂਰੀ ਵਾਹ ਲਾਈ ਜਾ ਰਹੀ ਹੈ।