ਅਸ਼ੋਕ ਵਰਮਾ
- ਹਰਸਿਮਰਤ ਵੱਲੋਂ ਖੇਤੀ ਬਿੱਲਾਂ ਖਿਲਾਫ ਡੱਟਣ ਦਾ ਐਲਾਨ
ਬਠਿੰਡਾ, 24 ਸਤੰਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਵੀ ਗਠਜੋੜ ਜਾਂ ਸਰਕਾਰ ਕਿਸਾਨਾਂ ਦੀ ਭਲਾਈ ਦੇ ਸਾਹਮਣੇ ਕੋਈ ਅਹਿਮੀਅਤ ਨਹੀਂ ਰੱਖਦੀ ਅਤੇ ਪਾਰਟੀ ਅੰਨਦਾਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਪੂਰੀ ਤਰਾਂ ਨਿਭਾਏਗੀ ਭਾਵੇਂ ਜੋ ਵੀ ਹੋ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਤਲਵੰਡੀ ਸਾਬੋ ’ਚ ਇਕ ਇਕੱਠ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਉਹਨਾਂ ਅਤੇ ਸਾਬਕਾ ਕੇਂਦਰੀਂ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਹਾਜਰ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤ ਵਿਚ ਡਟਿਆ ਹੈ ਜੋ ਅਸੀਂ ਸੰਸਦ ਵਿਚ ਖੇਤੀਬਾੜੀ ਬਿੱਲਾਂ ਦੇ ਖਿਲਾਫ ਵੋਟ ਪਾ ਕੇ ਅਤੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਕਰ ਵਿਖਾਇਆ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਕੇਂਦਰੀ ਮੰਤਰੀ ਨੇ ਇਸ ਤਰੀਕੇ ਅਸਤੀਫਾ ਦਿੱਤਾ ਹੋਵੇ।
ਬਾਦਲ ਨੇ ਦੱਸਿਆ ਕਿ ਪਾਰਟੀ ਨੇ ਉਦੋਂ ਬਿੱਲਾਂ ਖਿਲਾਫ ਵੋਟ ਪਾਉਣ ਦਾ ਮਨ ਬਣਾ ਲਿਆ ਸੀ ਜਦੋਂ ਐਨ ਡੀ ਏ ਸਰਕਾਰ ਨੇ ਕਿਸਾਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਅਨੁਸਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨ ਬਣਾਉਣ ਤੋਂ ਨਾਂਹ ਕਰ ਦਿੱਤੀ । ਉਹਨਾਂ ਕਿਹਾ ਕਿ ਕਿਸਾਨ ਸੰਗਠਨਾਂ ਨੇ ਉਹਨਾਂ ਕੋਲ ਘੱਟ ਘੱਟ ਸਮਰਥਨ ਮੁੱਲ ਖਤਮ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਸੀ ਜਿਸ ਬਾਰੇ ਕੇਂਦਰ ਸਰਕਾਰ ਨੂੰ ਦੱਸ ਦਿੱਤਾ ਸੀ ਜਿਸ ਮਗਰੋਂ ਖੇਤੀਬਾੜੀ ਮੰਤਰੀ ਨੇ ਘੱਟੋ ਘੱਟ ਸਮਰਥਨ ਮੁੱਲ ਖਤਮ ਨਾਂ ਕਰਨ ਬਾਰੇ ਆਖਿਆ। ਉਨਾਂ ਕਿਹਾ ਕਿ ਕਿਸਾਨ ਚਾਹੁੰਦੇ ਸਨ ਕਿ ਘੱਟੋ ਘੱਟ ਸਮਰਥਨ ਇਕ ਕਾਨੂੰਨ ਬਣ ਜਾਵੇ ।ਅਸੀਂ ਇਸ ਮਾਮਲੇ ’ਤੇ ਸਟੈਂਡ ਲੈ ਲਿਆ ਤੇ ਜਦੋਂ ਸਾਡੀ ਮੰਗ ਨਾ ਮੰਨੀ ਗਈ ਤਾਂ ਸਰਕਾਰ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਸਹੁੰ ਚੁੱਕਣ ਮਗਰੋਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਹੈ।
ਉਹਨਾਂ ਕਿਹਾ ਕਿ 2017 ਵਿਚ ਮੁੱਖ ਮੰਤਰੀ ਨੇ ਪ੍ਰਾਈਵੇਟ ਮੰਡੀਆਂ, ਕਾਂਟਰੈਕਟ ਫਾਰਮਿੰਗ ਅਤੇ ਈ ਟਰੇਡਿੰਗ ਪੰਜਾਬ ਵਿਚ ਸ਼ੁਰੂ ਕਰਵਾ ਦਿੱਤੀ ਜਿਸਨੂੰ ਬਾਅਦ ਵਿਚ ਕੇਂਦਰ ਦੇ ਬਿੱਲਾਂ ਵਿਚ ਸ਼ਾਮਲ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਵਿਚ ਦਲੇਰੀ ਹੈ ਤਾਂ ਫਿਰ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਸੂਬੇ ਦੇ ਸੋਧੇ ਹੋਏ ਏ ਪੀ ਐਮ ਸੀ ਐਕਟ ਨੂੰ ਵਾਪਸ ਲੈਣ ਤੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਤਾਂ ਜੋ ਨਵੇਂ ਖੇਤੀਬਾੜੀ ਬਿੱਲ ਜੋ ਪ੍ਰਾਈਵੇਟ ਵਪਾਰ ਨਾਲ ਸਬੰਧਤ ਹਨ, ਪੰਜਾਬ ਵਿਚ ਲਾਗੂ ਹੀ ਨਾ ਹੋ ਸਕਣ।ਉਹਨਾਂ ਨੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੱਲ ‘ਚੱਕਾ ਜਾਮ’ ਪ੍ਰੋਗਰਾਮ ਤਹਿਤ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿਚ ਰੋਸ ਪ੍ਰਦਰਸ਼ਨ ਕਰਨ। ਉਹਨਾਂ ਕਿਹਾ ਕਿ ਇਸ ਉਪਰੰਤ 1 ਅਕਤੂਬਰ ਨੂੰ ਤਿੰਨਾਂ ਤਖਤਾਂ ਤੋਂ ‘ਕਿਸਾਨ ਮਾਰਚ’ ਕੱਢੇ ਜਾਣਗੇ।
ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਰਡੀਨੈਂਸਾਂ ਦਾ ਖਰੜਾ ਉਹਨਾਂ ਦੇ ਮੰਤਰਾਲੇ ਕੋਲ ਆਇਆ ਸੀ ਤਾਂ ਉਹਨਾਂ ਨੇ ਇਸ ’ਤੇ ਵਿਰੋਧ ਵਿਚ ਨੋਟਿੰਗ ਦਿੱਤੀ ਸੀ। ਉਹਨਾਂ ਕਿਹਾ ਕਿ ਜਦੋਂ ਇਹਨਾਂ ਆਰਡੀਨੈਂਸਾਂ ’ਤੇ ਮੰਤਰੀ ਮੰਡਲ ਵਿਚ ਚਰਚਾ ਹੋਈ ਤਾਂ ਉਦੋਂ ਵੀ ਮੈਂ ਇਸਦਾ ਵਿਰੋਧ ਕੀਤਾ ਸੀ। ਉਹਨਾਂ ਦੱਸਿਆ ਕਿ ਉਹਨਾਂ ਨੇ ਤਾਂ ਮਾਮਲਾ ਸਲੈਕ ਕਮੇਟੀ ਕੋਲ ਭੇਜਣ ਲਈ ਕਿਹਾ ਸੀ ਤੇ ਕਿਸਾਨਾਂ ਨਾਲ ਚਰਚਾ ਕਰਨ ਵਾਸਤੇ ਆਖਿਆ ਸੀ। ਪਰ ਜਦੋਂ ਮੈਨੂੰ ਪਤਾ ਲੱਗਾ ਕਿ ‘ਕਾਲਾ ਕਾਨੂੰਨ’ ਸੰਸਦ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਮੈਂ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਮੈਨੂੰ ਲੱਗਿਆ ਕਿ ਇਸ ਕੁਰਸੀ ’ਤੇ ਬੈਠਣਾ ਹੁਣ ਸ਼ਰਮਨਾਕ ਹੈ ਤੇ ਇਸ ਲਈ ਮੈਂ ਉਸਨੂੰ ਲੱਤ ਮਾਰ ਦਿੱਤੀ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਪਸ਼ਟ ਕੀਤਾ ਕਿ ਹੁਣ ਜਦੋਂ ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਉਹ ਖੇਤੀਬਾੜੀ ਬਿੱਲਾਂ ਖਿਲਾਫ ਲੜਾਈ ਵਿਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਹੋਣਗੇ। ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਇਕ ਪਾਸੇ ਕਰ ਕੇ ਕਿਸਾਨਾਂ ਦੇ ਹਿੱਤਾਂ ਵਾਸਤੇ ਇਕਜੁੱਟ ਹੋਣ। ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਕਿਸਾਨਾਂ ਦੇ ਹਿੱਤਾਂ ਵਾਸਤੇ ਹੈ ਤੇ ਉਹ ਮੰਗਾਂ ਮੰਨੇ ਜਾਣ ਤੱਕ ਲੜਾਈ ਜਾਰੀ ਰੱਖੇਗਾ। ਇਸ ਮੌਕੇ ਜਨਮੇਜਾ ਸਿੰਘ ਸੇਖੋਂ, ਜੀਤ ਮਹਿੰਦਰ ਸਿੰਘ, ਸਰੂਪ ਚੰਦ ਸਿੰਗਲਾ, ਪਰਮਬੰਸ ਸਿੰਘ ਰੋਮਾਣਾ, ਕੰਵਰਜੀਤ ਸਿੰਘ ਬਰਕੰਦੀ, ਮਨਤਾਰ ਸਿੰਘ ਬਰਾੜ, ਜੋਗਿੰਦਰ ਜਿੰਦੂ ਤੇ ਹਰਦੀਪ ਢਿੱਲੋਂ ਆਦਿ ਵੀ ਮੌਜੂਦ ਸਨ।