ਮਨਿੰਦਰਜੀਤ ਸਿੱਧੂ
- ਕਿਸਾਨ ਅੰਦੋਲਨ ‘ਖੇਤੀ ਕਾਨੂੰਨਾਂ’ ਦੇ ਨਾਲ ਮੋਦੀ ਰਾਜ ਦਾ ਵੀ ਭੋਗ ਪਾ ਦੇਵੇਗਾ- ਮਾਹਣਾ ਬਹਿਬਲ
ਜੈਤੋ, 3 ਅਪ੍ਰੈਲ 2021 - ਨੇੜਲੇ ਪਿੰਡ ਬਹਿਬਲ ਕਲਾਂ ਦੇ ਵਾਸੀਆਂ ਵੱਲੋਂ ਪਹਿਲੇ ਦਿਨ ਤੋਂ ਹੀ ਸਿੰਘੂ ਬਾਰਡਰ ਉੱਪਰ ਚੱਲ ਰਹੇ ਮੋਰਚੇ ਵਿੱਚ ਬਾਖੂਬੀ ਭੂਮਿਕਾ ਨਿਭਾਈ ਜਾ ਰਹੀ ਅਤੇ ਅੰਦੋਲਨ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ।
ਪਿੰਡ ਵਾਸੀਆਂ ਵੱਲੋਂ ਪੂਰੇ ਅਨੁਸ਼ਾਸਿਤ ਢੰਗ ਨਾਲ ਪਿੰਡ ਵਿੱਚੋਂ ਮੋਰਚੇ ਲਈ ਬੰਦੇ ਅਤੇ ਰਾਸ਼ਨ ਸਮੱਗਰੀ ਭੇਜੀ ਜਾਂਦੀ ਰਹੀ ਹੈ। ਪਹਿਲਾਂ ਵੀ ਲੰਮਾਂ ਸਮਾਂ ਮੋਰਚੇ ਉੱਪਰ ਡਿਊਟੀ ਨਿਭਾਉਣ ਵਾਲੇ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਬਹਿਬਲ ਕਲਾਂ ਪਿੰਡ ਵਿੱਚੋਂ ਜੱਥੇ ਸਮੇਤ ਸਿੰਘੂ ਬਾਰਡਰ ਉੱਪਰ ਜਾ ਪਹੁੰਚੇ ਹਨ। ਉਹਨਾਂ ਰਾਕੇਸ਼ ਟਿਕੈਤ ਉੱਪਰ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹੁਣ ਨੀਚ ਹਰਕਤਾਂ ਉੱਪਰ ਉੱਤਰ ਆਈ ਹੈ।
ਜਦੋਂ ਸਰਕਾਰ ਕਿਸਾਨ ਆਗੂਆਂ ਨੂੰ ਦਲੀਲਾਂ ਵਿੱਚ ਹਰਾਉਣ ਵਿੱਚ ਅਮਰਥ ਹੋ ਚੁੱਕੀ ਹੈ ਅਤੇ ਆਪਣੀ ਹਾਰ ਨੂੰ ਛੁਪਾਉਣ ਲਈ ਕਿਸਾਨ ਆਗੂਆਂ ਉੱਪਰ ਗੋਲੀਆਂ ਨਾਲ ਹਮਲੇ ਕਰਵਾ ਕਾਇਰਾਨਾ ਅਤੇ ਬੁਜਦਿਲਾਂ ਵਾਲੀਆਂ ਹਰਕਤਾਂ ਕਰ ਰਹੀ ਹੈ।
ਪਿੰਡ ਦੇ ਨੌਜਵਾਨ ਮਾਹਣਾ ਬਹਿਬਲ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀ ਅਜਾਦੀ ਦੇ ਅੰਦੋਲਨ ਸਮੇਂ ਗੋਰੀ ਹਕੂਮਤ ਨੇ ਲਾਲਾ ਲਾਜਪਤ ਰਾਏ ਨੂੰ ਡਾਂਗਾਂ ਨਾਲ ਕੁੱਟ ਕੇ ਮਾਰ ਦਿੱਤਾ ਸੀ ਅਤੇ ਲਾਲਾ ਜੀ ਉੱਪਰ ਵਰ੍ਹਾਈ ਇੱਕ ਇੱਕ ਡਾਂਗ ਅੰਗਰੇਜੀ ਰਾਜ ਦੇ ਤਾਬੂਤ ਵਿੱਚ ਕਿੱਲ ਸਾਬਿਤ ਹੋਈ ਸੀ, ਉਸੇ ਤਰ੍ਹਾਂ ਕਿਸਾਨ ਆਗੂ ਰਾਕੇਸ਼ ਟਿਕੈਤ ਉੱਪਰ ਚੱਲਾਈ ਗੋਲੀ ਨੇ ਕਿਸਾਨਾਂ ਦੇ ਅੰਦੋਲਨ ਨੂੰ ਹੋਰ ਮਜਬੂਤ ਅਤੇ ਤੀਬਰ ਕਰ ਦਿੱਤਾ ਹੈ ਅਤੇ ਇਹ ਅੰਦੋਲਨ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਨਾਲ ਨਾਲ ਮੋਦੀ ਦੇ ਤਾਨਾਸ਼ਾਹੀ ਰਾਜ ਦਾ ਵੀ ਭੋਗ ਪਾਵੇਗਾ।
ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੱਥੇਬੰਦੀਆਂ ਦੁਆਰਾ ਲਏ ਜਾਂਦੇ ਫੈਸਲਿਆਂ ਉੱਪਰ ਫੁੱਲ ਚੜ੍ਹਾਏ ਜਾਣ ਅਤੇ ਇਸ ਮੋਰਚੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਰਹਿਣਾ ਪਵੇਗਾ। ਉਹਨਾਂ ਕਿਹਾ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ।ਉਹਨਾਂ ਜੱਥੇਬੰਦੀਆਂ ਦੁਆਰਾ ਲੱਖਾ ਸਿਧਾਣਾ ਨੂੰ ਨਾਲ ਲੈ ਕੇ ਚੱਲਣ ਦੇ ਫੈਸਲੇ ਦਾ ਵੀ ਸੁਆਗਤ ਕੀਤਾ।ਇਸ ਮੌਕੇ ਬਾਬਾ ਖੇਤਾ ਸਿੰਘ ਜੀ ਕਾਰ ਸੇਵਾ ਵਾਲੇ, ਰਾਜਾ ਖਾਲਸਾ, ਤਰਸੇਮ ਸਿੰਘ ਮਹੰਤ, ਚਰਨਜੀਤ ਸਿੰਘ, ਜਰਨੈਲ ਸਿੰਘ ਜੈਲਾ, ਗੁਰਜੰਟ ਸਿੰਘ, ਗੁਰਜੰਟ ਸਿੰਘ ਹਰਮਨ, ਲਵਲਾ ਅਤੇ ਜੁਗਨੂੰ ਹਾਜਰ ਸਨ।