ਚੰਡੀਗੜ੍ਹ, 23 ਅਕਤੂਬਰ 2020 - ਉਘੇ ਟ੍ਰੇਡ ਯੂਨੀਅਨਨਿਸਟ ਅਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਐਮ ਐਮ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਬਿਹਾਰ ਦੀਆਂ ਚੋਣਾਂ ਦੌਰਾਨ ਜਨਤਕ ਇਕੱਠਾਂ ਵਿਚ ਦੇਸ਼ ਵਿਚ ਹੋ ਰਹੇ ਕਿਸਾਨੀ ਸੰਘਰਸ਼ ਨੂੰ ਵਿਚੋਲਿਆ ਦਾ ਸੰਘਰਸ਼ ਗਰਦਾਨ ਕੇ ਜਿੱਥੇ ਸਮੁੱਚੇ ਦੇਸ਼ ਦੇ ਕਿਸਾਨੀ ਭਾਈਚਾਰੇ ਨਾਲ ਧ੍ਰੋਹ ਕਮਾਇਆ ਉੱਥੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਵੱਲੋਂ ਬੀਤੇ ਦਿਨੀਂ ਅਜਿਹੀ ਬਿਆਨਬਾਜ਼ੀ ਦੀ ਜਿਥੇ ਘੋਰ ਨਿਖੇਧੀ ਹੋ ਰਹੀ ਸੀ ਤੇ ਮੰਗ ਕੀਤੀ ਜਾ ਰਹੀ ਸੀ ਕੇ ਉਹ ਬਿਨਾਂ ਸ਼ਰਤ ਸਮੁੱਚੇ ਕਿਸਾਨੀ ਭਾਈਚਾਰੇ ਕੋਲੋਂ ਮਾਫ਼ੀ ਮੰਗਣ ਪ੍ਰੰਤੂ ਅੱਤ ਮਾੜੀ ਸਿਆਸੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਪ੍ਰਧਾਨ ਮੰਤਰੀ ਵੱਲੋਂ ਖੁਦ ਅਜਿਹਾ ਗੈਰ ਜ਼ੁੰਮੇਵਾਰਾਨਾ ਜਨਤਕ ਬਿਆਨ ਦੇਣਾ ਸਪਸ਼ਟ ਕਰਦਾ ਹੈ ਕੇ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਗੱਠਜੋੜ ਤੋਂ ਕਿਸੇ ਵੀ ਤਰ੍ਹਾਂ ਦੀ ਸੁਹਿਰਦ ਸੋਚ ਅਤੇ ਇਨਸਾਫ਼ ਦੀ ਉਮੀਦ ਰੱਖਣਾ ਦੇਸ਼ ਨੂੰ ਨਾ ਉਮੀਦੀ ਵੱਲ ਧੱਕਣਾ ਸਾਬਿਤ ਹੋ ਰਿਹਾ।
ਚੀਮਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਜਿਹੀ ਸ਼ਬਦਾਵਲੀ ਦੀ ਆਸ ਨਾ ਕਰਨ ਤੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਆਖਿਆ ਕੇ ਨਿੱਜੀ ਤੌਰ ਤੇ ਨਰੇਂਦਰ ਮੋਦੀ ਜਿੰਨੀ ਮਰਜ਼ੀ ਮਾੜੀ ਸੋਚ ਰੱਖਦੇ ਹੋਣ ਪਰ 130 ਕਰੋੜ ਤੋਂ ਵੱਧ ਆਬਾਦੀ ਵਾਲੇ ਭਾਰਤੀ ਲੋਕ ਤਾਂਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਅਜਿਹੀ ਸੋਚ ਤੇ ਸ਼ਬਦਾਵਲੀ ਸਿਆਸੀ ਦੀਵਾਲੀਆਪਣ ਨੂੰ ਦਰਸਾਉਂਦੀ ਹੈ ਅਤੇ ਦੁਨੀਆਂ ਦੇ ਬਾਕੀ ਮੁਲਕਾਂ ਨੂੰ ਭਾਰਤ ਪ੍ਰਤੀ ਗੈਰ ਸੰਜੀਦਗੀ ਦੇ ਵਿਹਾਰ ਨੂੰ ਸੱਦਾ ਦੇਣ ਵਾਲੀ ਹੈ।
ਚੀਮਾ ਨੇ ਅੱਗੇ ਚੱਲਦਿਆਂ ਆਖਿਆ ਕੇ ਪ੍ਰਧਾਨ ਮੰਤਰੀ ਨੂੰ ਇਹ ਸੋਚਣਾ ਪਵੇਗਾ ਕੇ ਇਹਨਾਂ ਵਿਚੋਲਿਆ ਨੂੰ ਹੀ ਗੱਲਬਾਤ ਲਈ ਬੁਲਾਉਣ ਲਈ ਉਹਨਾਂ ਦੀ ਸ ਰਕਾਰ ਤਰਲੋ ਮੱਛੀ ਹੋ ਰਹੀ ਸੀ ਤੇ ਬਾਕੀ ਸਮਾਜਿਕ ਭਾਈਚਾਰੇ ਦੀਆਂ ਅੱਖਾਂ ਵਿੱਚ ਮਿੱਟੀ ਪਾ ਰਹੀ ਸੀ ਅਜਿਹੀ ਦੇਸ਼ ਦੀ ਸਰਵ ਉੱਚ ਲੀਡਰਸ਼ਿਪ ਕੋਲੋਂ ਇਤਨੇ ਹੇਠਲੇ ਪੱਧਰ ਤੇ ਉੱਤਰ ਕੇ ਚੰਦ ਵੋਟਾਂ ਦੀ ਭੈੜੀ ਰਾਜਨੀਤੀ ਦੇਸ਼ ਦੇ ਬਧੁੰਦਲੇ ਭਵਿੱਖ ਵੱਲ ਸਪਸ਼ਟ ਇਸ਼ਾਰਾ ਕਰਦੀ ਹੈ।