ਰਾਜਵੰਤ ਸਿੰਘ
- ਸ੍ਰੀ ਮੁਕਤਸਰ ਸਾਹਿਬ ’ਚ ਪੁੱਜੇ ਸੁਖਬੀਰ ਬਾਦਲ ਨੇ ਵਰਕਰਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ
- ਕਿਸਾਨੀ ਮਸਲੇ ’ਤੇ ਕੈਪਟਨ ਸਰਕਾਰ ਨੂੰ ਘੇਰਿਆ, ਕਿਹਾ..ਕੈਪਟਨ ਨੇ ਬਿੱਲ ਪੇਸ਼ ਕਰਨ ਦਾ ਰਚਿਆ ਡਰਾਮਾ
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ 2020 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਤੋਂ ਕਾਂਗਰਸ ਸਰਕਾਰ ਨੇ ਸੂਬੇ ਦੀ ਸੱਤਾ ਸੰਭਾਲੀ ਹੈ, ਉਦੋਂ ਹੀ ਪੰਜਾਬ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਖਬੀਰ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਪੁੱਜੇ ਸਨ।
ਸਥਾਨਕ ਮਲੋਟ ਰੋਡ ਵਿਖੇ ਸਥਿਤ ਨਰਾਇਣਗੜ੍ਹ ਪੈਲਿਸ ਵਿਖੇ ਹੋਏ ਸਮਾਗਮ ਦੌਰਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਸਰਕਲ ਪ੍ਰਧਾਨਾਂ, ਆਗੂਆਂ ਤੇ ਵਰਕਰਾਂ ਨਾਲ ਵਿਚਾਰਾਂ ਕੀਤੀਆਂ, ਉਪਰੰਤ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਾਂਗਰਸ ਸਰਕਾਰ ’ਤੇ ਤੰਜ ਕਸੇ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਝੂਠ ਦਾ ਸਹਾਰਾ ਲੈ ਕੇ ਵੋਟਾਂ ਬਟੋਰੀਆਂ ਸਨ, ਪਰ ਹੁਣ ਸੱਚਾਈ ਸੂਬੇ ਦੇ ਲੋਕਾਂ ਦੇ ਸਾਹਮਣੇ ਆਉਣ ਲੱਗੀ ਹੈ ਤੇ ਹੁਣ ਲੋਕ ਕਾਂਗਰਸੀਆਂ ਨੂੰ ਮੂੰਹ ਨਹੀਂ ਲਗਾਉਣਗੇ।
ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਪੇਸ਼ ਬਿੱਲ ਗੈਰ ਕਾਨੂੰਨੀ ਸੀ ਤੇ ਇਸ ਕਰਕੇ ਉਨ੍ਹਾਂ ਦੇ ਬਿੱਲ ’ਤੇ ਗਵਰਨਰ ਨੇ ਦਸਤਖ਼ਤ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਕੈਪਟਨ ਨੂੰ ਕਿਹਾ ਸੀ ਕਿ ਸੂਬੇ ਦਾ ਇੱਕ ਮੰਡੀ ਦੇ ਤੌਰ ’ਤੇ ਬਿੱਲ ਪੇਸ਼ ਕੀਤਾ ਜਾਵੇ, ਜਿਵੇਂ ਛੱਤੀਸ਼ਗੜ੍ਹ ਸੂਬੇ ਵਿੱਚ ਕੀਤਾ ਗਿਆ ਹੈ, ਪਰ ਕੈਪਟਨ ਨੇ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਡਰਾਮਾ ਰਚਿਆ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੂੰ ਦਿੱਲੀ ਧਰਨੇ ’ਤੇ ਨਹੀਂ, ਸਗੋਂ ਮਰਨ ਵਰਤ ’ਤੇ ਬੈਠਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਕਿਸਾਨੀ ਹਿੱਤਾਂ ਲਈ ਮੋਹਰੀ ਰਹੀ ਹੈ ਤੇ ਕਿਸਾਨਾਂ ਦੇ ਲਈ ਪਾਰਟੀ ਨੇ ਭਾਜਪਾ ਨਾਲੋਂ ਗਠਜੋੜ ਵੀ ਤੋੜ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਹਰ ਤਰ੍ਹਾਂ ਦੇ ਕਿਸਾਨੀ ਸੰਘਰਸ਼ ਦਾ ਡਟਵਾਂ ਸਾਥ ਦਿੱਤਾ ਜਾਵੇਗਾ।