ਅਸ਼ੋਕ ਵਰਮਾ
ਬਠਿੰਡਾ,10 ਅਪਰੈਲ2021: ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਲਾਏ ਦਿੱਲੀ ਮੋਰਚੇ ’ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋਏ ਕਿਰਤੀ ਕਿਸਾਨ ਯੂਨੀਅਨ ਨਾਲ ਸਬੰਧਤ ਪਿੰਡ ਜੋਗਾ ਨੰਦ ਦੇ ਕਿਸਾਨ ਜਸਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਦਾ ਅੱਜ ਸੰਗਰਾਮੀ ਨਾਅਰਿਆਂ ਦੀ ਗੂੰਜ ’ਚ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਹੀਦ ਜਸਪਾਲ ਸਿੰਘ ਦੀ ਮ੍ਰਿਤਕ ਦੇਹ ਤੇ ਕਿਰਤੀ ਕਿਸਾਨ ਯੂਨੀਅਨ ਦਾ ਝੰਡਾ ਪਾਇਆ ਅਤੇ ਅਰਥੀ ਨੂੰ ਵੱਡੇ ਕਾਫਲੇ ਦੇ ਰੂਪ ’ਚ ਜਿਾਇਆ ਗਿਆ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਸ਼ਹੀਦ ਜਸਪਾਲ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਾਏ। ਵੱਡੀ ਗਿਣਤੀ ਕਿਸਾਨਾਂ ਨੇ ਕਿਹਾ ਕਿ ਜਸਪਾਲ ਸਿੰਘ ਆਪਣੀ ਜਿੰਦਗੀ ਕਿਸਾਨੀ ਲੇਖੇ ਲਾ ਗਿਆ ਹੈ ਜਿਸ ਨੂੰ ਇਤਿਹਾਸ ’ਚ ਹਮੇਸ਼ਾ ਯਾਦ ਰੱਖਿਆ ਜਾਏਗਾ।
ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਨੇ ਦੱਸਿਆ ਕਿ ਜਸਪਾਲ ਸਿੰਘ ਦੀ 9 ਅਪਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਹ ਕਿਸਾਨ ਆਪਣੇ ਪਿੱਛੇ ਚਾਰ ਬੇਟੀਆਂ, ਇੱਕ ਬੇਟਾ ਅਤੇ ਧਰਮ ਪਤਨੀ ਛੱਡ ਗਿਆ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਜਸਵਿੰਦਰ ਝਬੇਲਵਾਲੀ , ਬਲਾਕ ਨਥਾਣਾ ਦੇ ਪ੍ਰਧਾਨ ਜਗਰਾਜ ਸਿੰਘ ਪਾਲੀ ਲਹਿਰਾ ਮੁਹਬੱਤ ਕਿਰਤੀ ਕਿਸਾਨ ਯੂਨੀਅਨ ਪਿੰਡ ਜੋਗਾ ਨੰਦ ਦੇ ਵਰਕਰ ਜਸਪਾਲ ਸਿੰਘ ਸਾਬਕਾ ਸਰਪੰਚ ਬਚਿੱਤਰ ਸਿੰਘ ਦਾ ਸਪੁੱਤਰ ਸ਼ਹੀਦ ਜਸਪਾਲ ਸਿੰਘ , ਅਮਰਜੀਤ ਜੋਗਾਨੰਦ , ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਢਿੱਲੋਂ ਨੇ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ ਉਦੋਂ ਤੱਕ ਉਹ ਘਰਾਂ ਨੂੰ ਵਾਪਿਸ ਨਹੀਂ ਮੁੜਨਗੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਬਲਵਿੰਦਰ ਥਾਂਦੇਵਾਲਾ , ਡੀ ਐਮ ਐਫ ਦੇ ਸਿਕੰਦਰ ਧਾਲੀਵਾਲ, ਥਰਮਲ ਮੁਲਾਜ਼ਮ ਆਗੂ ਗੁਰਸੇਵਕ ਸਿੰਘ ਸੰਧੂ, ਪਿੰਡ ਕਮੇਟੀ ਦੇ ਆਗੂ ਜਗਦੀਸ਼ ਸਿੰਘ, ਭੋਲਾ ਸਿੰਘ, ਪੱਪੀ ਖਾਲਸਾ, ਪਿੰਡ ਦੀ ਸਰਪੰਚ ਕਰਮਜੀਤ ਕੌਰ, ਗੁਰਮੀਤ ਸਿੰਘ ਅਤੇ ਸਾਧੂ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ, ਅਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਸ਼ੋਕ ਜ਼ਾਹਿਰ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ ਅਤੇ ਕਾਲੇ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਕਮੇਟੀ ਨੇ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।