ਅਸ਼ੋਕ ਵਰਮਾ
ਬਠਿੰਡਾ, 5 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਬਠਿੰਡਾ ਜ਼ਿਲ੍ਹੇ ’ਚ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ ਅਤੇ ਵੱਖ ਵੱਖ ਵਰਗਾਂ ਨਾਲ ਸਬੰਧਤ ਠਾਠਾਂ ਮਾਰਦੇ ਇਕੱਠਾਂ ਨੇ ਪੰਜ ਥਾਵਾਂ ਤੇ ਸੜਕਾਂ ਮੁਕੰਮਲ ਜਾਮ ਲਗਾ ਕੇ ਮੋਦੀ ਸਰਕਾਰ ਨੂੰ ਲੋਕ ਤਾਕਤ ਦਾ ਸ਼ੀਸ਼ਾ ਦਿਖਾਇਆ। ਸੜਕਾਂ ਜਾਮ ਕਾਰਨ ਆਵਾਜਾਈ ’ਚ ਭਾਰੀ ਵਿਘਨ ਪਿਆ ਪਰ ਆਗੂਆਂ ਵੱਲੋਂ ਲੋਕਾਂ ਨੂੰ ਸਫਰ ਨਾਂ ਕਰਨ ਅਤੇ ਮੁਸਤੈਦ ਰਹਿਣ ਦੇ ਦਿੱਤੇ ਸੱਦੇ ਕਾਰਨ ਰਾਹਗੀਰਾਂ ਨੇ ਖੁਦ ਨੂੰ ਸਮੇਂ ਮੁਤਾਬਕ ਢਾਲ ਲਿਆ। ਉਂਝ ਪੁਲਿਸ ਪ੍ਰਸ਼ਾਸਨ ਨੇ ਬਦਲਵਾਂ ਰੂਟ ਪਲਾਨ ਜਾਰੀ ਕੀਤਾ ਸੀ ਅਤੇ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕੀਤੀ ਹੋਈ ਸੀ।
ਇਹ ਜਾਮ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਅੱਜ ਦੇਸ਼ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਵਿੱਚ ਲਾਏ ਜਾ ਰਹੇ ਸੜਕ ਜਾਮ ਦੇ ਸੱਦੇ ਨਾਲ ਤਾਲਮੇਲ ਵਜੋਂ ਲਾਇਆ ਗਿਆ ਸੀ। ਮਹੱਤਵਪੂਰਨ ਤੱਥ ਹੈ ਕਿ ਜਾਮ ’ਚ ਸ਼ਾਮਲ ਹੋਣ ਲਈ ਆਉਣ ਵਾਲਿਆਂ ਦਾ ਜੋਸ਼ ਦੇਖਣ ਵਾਲਾ ਸੀ। ਟਰਾਲੀਆਂ ਅਤੇ ਹੋਰ ਸਾਧਨਾਂ ਤੇ ਆਏ ਔਰਤਾਂ, ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਮੋਦੀ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ।
ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਜੀਦਾ ਟੌਲ ਪਲਾਜਾ ਜੀਦਾ, ਲਹਿਰਾ ਬੇਗਾ ਟੌਲ ਪਲਾਜਾ , ਰਿਲਾਇੰਸ ਪੰਪ ਨੇੜੇ ਰਾਮਪੁਰਾ , ਭੁੱਚੋ- ਮੋਗਾ ਰੋਡ ਤੇ ਭਗਤਾ ਚੌਂਕ ਅਤੇ ਬਠਿੰਡਾ - ਬਾਦਲ ਰੋਡ ਤੇ ਘੁੱਦਾ ਵਿਖੇ ਸੜਕਾਂ ਜਾਮ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਬਣਵਾਲੀ ਥਰਮਲ ਪਲਾਂਟ ਅੱਗੇ ਚੱਲ ਰਹੇ ਸਾਂਝੇ ਧਰਨੇ ਵਿੱਚ ਵੀ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਨੇ ਸ਼ਮੂਲੀਅਤ ਕੀਤੀ ਹੈ।
ਅੱਜ ਦੇ ਮੋਰਚਿਆਂ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ, ਹਰਜਿੰਦਰ ਸਿੰਘ ਬੱਗੀ,ਜਲਿਾ ਆਗੂ ਰਾਜਵਿੰਦਰ ਸਿੰਘ ਰਾਜੂ , ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ ਅਤੇ ਜਗਦੇਵ ਸਿੰਘ ਜੋਗੇਵਾਲਾ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਖਿਲਾਫ ਤਿੱਖੇ ਹਮਲੇ ਕੀਤੇ ਅਤੇ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਪੂਰੀ ਤਰਾਂ ਕਾਰਪੋਰੇਟ ਘਰਾਣਿਆਂ ਦੀ ਪਿੱਠ ’ਤੇ ਡਟ ਗਈ ਹੈ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦਾ ਰਾਹ ਖੋਲ੍ਹਣ ਲੱਗੀ ਹੈ।
ਬਲਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਹੋਰ ਕਾਨੂੰਨ ਬਣਾ ਕੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਭਾਰੀ ਜੁਰਮਾਨੇ ਅਤੇ 5 ਸਾਲ ਤੱਕ ਦੀ ਸਜਾ, ਪੰਜਾਬ ਵਿੱਚ ਮਾਲ ਗੱਡੀਆਂ ਬੰਦ ਕਰਨ, ਦਿਹਾਤੀ ਵਿਕਾਸ ਫੰਡ ਤੇ ਜੀ ਐਸ ਟੀ ਦਾ ਬਣਦਾ ਹਿੱਸਾ ਰੋਕਣ ਅਤੇ ਪੰਜਾਬ ਦੇ ਕਿਸਾਨਾਂ ਨੂੰ ਵਿਆਜ ਤੇ ਵਿਆਜ ਨਾ ਲਾਉਣ ਦੀ ਦਿੱਤੀ ਰਾਹਤ ਵਾਂਝੇ ਰੱਖ ਕੇ ਬਦਲਾਲਊ ਭਾਵਨਾ ਦੀ ਸਖਤ ਨਿਖੇਧੀ ਕੀਤੀ।
ਇਹਨਾਂ ਬੁਲਾਰਿਆਂ ਤੋਂ ਇਲਾਵਾ ਨਿੱਕਾ ਸਿੰਘ ਜੇਠੂਕੇ, ਕੁਲਵੰਤ ਸ਼ਰਮਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ ਨੇ ਵੀ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸੰਘਰਸ਼ ਨੂੰ ਜਿੱਤ ਪਿੱਛੋਂ ਹੀ ਸਮਾਪਤ ਕੀਤਾ ਜਾਏਗਾ।
ਐਂਬੂਲੈਂਸਾਂ ਨੂੰ ਜਾਮ ਤੋਂ ਮੁਕੰਮਲ ਛੋਟ
ਕਿਸਾਨ ਜੱਥੇਬੰਦੀ ਵੱਲੋਂ ਲਾਏ ਜਾਮ ਦੌਰਾਨ ਮਰੀਜਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ਨੂੰ ਪੂਰੀ ਤਰਾਂ ਛੋਟ ਦਿੱਤੀ ਗਈ ਸੀ। ਸਟੇਜਾਂ ਤੋਂ ਕਿਸਾਨ ਆਗੂਆਂ ਵੱਲੋਂ ਵਾਰ ਵਾਰ ਅਨਾਂਊਂਸਮੈਂਟ ਕਰਕੇ ਇਸ ਸਬੰਧੀ ਐਲਾਨ ਕੀਤਾ ਜਾ ਰਿਹਾ ਸੀ। ਜਾਮ ਵਾਲੀਆਂ ਥਾਵਾਂ ਤੇ ਵਲੰਟੀਅਰਾਂ ਦੀ ਤਾਇਨਾਤੀ ਕੀਤੀ ਗਈ ਸੀ ਜਿਹਨਾਂ ਨੂੰ ਪੂਰੀ ਤਰਾਂ ਮੁਸਤੈਦ ਰਹਿਣ ਲਈ ਆਖਿਆ ਹੋਇਆ ਸੀ। ਧਰਨਾਂਕਾਰੀਆਂ ਦੀ ਸਿਹਤ ਦੇ ਮੱਦੇਨਜ਼ਰ ਅੱਜ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਪਹਿਲਕਦਮੀ ਤੇ ਮੈਡੀਕਲ ਸੇਵਾਵਾਂ ਜਾਰੀ ਰੱਖੀਆਂ ਗਈਆਂ।