ਅਸ਼ੋਕ ਵਰਮਾ
ਮਾਨਸਾ, 4 ਅਕਤੂਬਰ 2020 - ਮਾਨਸਾ ਜ਼ਿਲ੍ਹੇ ’ਚ ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਰੇਲ ਪਟੜੀਆਂ ਤੇ ਡਟੇ ਕਿਸਾਨਾਂ ਨੂੰ ਮੁਫਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਜੱਥੇਬੰਦੀ ਵੱਲੋਂ ਤਿੰਨਾਂ ਕਾਨੂੰਨਾਂ ਡਾ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਲੰਘੀ ਇੱਕ ਅਕਤੂਬਰ ਤੋਂ ਰੇਲਵੇ ਸਟੇਸ਼ਨ ਮਾਨਸਾ ਵਿਖੇ ਚੱਲ ਰਹੇ ਰੇਲ ਰੋਕੂ ਧਰਨੇ ਵਿੱਚ ਲਗਾਤਾਰ ਅੱਜ ਚੌਥੇ ਦਿਨ ਵੀ ਸੇਵਾਂ ਜਾਰੀ ਰਹੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੁੱਚੀਆਂ ਇਕਾਈਆਂ ਨੇ ਵੀ ਹਰ ਰੋਜ਼ ਸੇਵਾ ਨਿਭਾਉਣ ਦਾ ਪ੍ਰਣ ਲਿਆ ਹੋਇਆ ਹੈ। ਡਾਕਟਰ ਗੋਇਲ ਨੇ ਦੱਸਿਆ ਕਿ ਅੱਜ ਬਲਾਕ ਜੋਗਾ ਦੇ ਸਾਥੀ ਤੇ ਬਲਾਕ ਸਕੱਤਰ ਸੁਖਪਾਲ ਸਿੰਘ , ਚੇਅਰਮੈਨ ਡਾ.ਰਵਿੰਦਰ ਸਿੰਘ , ਸੁਖਵਿੰਦਰ ਸਿੰਘ ਅਤੇ ਜਗਸੀਰ ਆਦਿ ਨੇ ਡਿਊਟੀ ਦਿੱਤੀ ਜਿਸ ਦੌਰਾਨ ਕਿਸੇ ਵੀ ਦਿੱਕਤ ਤੋਂ ਪ੍ਰੇਸ਼ਾਨ ਕਿਸਾਨਾਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ।
ਸੂਬਾ ਪ੍ਰਧਾਨ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਜਿੰਨੀ ਦੇਰ ਵੀ ਇਹ ਲੜਾਈ ਚੱਲੇਗੀ ਐਸੋਸੀਏਸ਼ਨ ਦੇ ਮੈਂਬਰ ਧਰਨਿਆਂ ਵਿੱਚ ਸ਼ਾਮਲ ਹੋਕੇ ਜਰੂਰਤ ਅਨੁਸਾਰ ਮੁਫਤ ਮੁੱਢਲੀਆਂ ਸਿਹਤ ਸੇਵਾਵਾਂ ਦਿੰਦੇ ਰਹਿਣਗੇ। ਡਾ.ਗੋਇਲ ਨੇ ਆਖਿਆ ਕਿ ਪਹਿਲਾਂ ਵੀ ਖੇਤੀ ਕਾਨੂੰਨ ਕਿਸਾਨ ਵਿਰੋਧੀ ਸਨ ਅਤੇ ਹੁਣ ਭਾਜਪਾ ਵਲੋਂ ਪਾਸ ਕੀਤੇ ਖੇਤੀ ਕਾਨੂੰਨ ਉਸ ਤੋਂ ਵੀ ਮਾੜੇ ਹਨ, ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਹੋਰ ਢਾਹ ਵੱਜੇਗੀ ਅਤੇ ਵਧੇਰੇ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੋਣਗੇ। ਉਨ੍ਹਾਂ ਆਖਿਆ ਕਿ ਭਾਜਪਾ ਆਗੂਆਂ ਨੂੰ ਹੁਣ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਕਿਸੇ ਆਗੂ ਨੂੰ ਵੀ ਚਿੱਤ ਚੇਤਾ ਨਹੀਂ ਸੀ ਕਿ ਉਨ੍ਹਾਂ ਦਾ ਵੀ ਕਿਸਾਨਾਂ ਵਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਤਬਾਹੀ ਤੋਂ ਬਚਾਉਣ ਲਈ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਮੋਹ ਤਿਆਗ ਕੇ ਲੋਕ ਵਿਰੋਧੀ ਕਾਲੇ ਕਾਨੂੰਨ ਵਾਪਸ ਲਵੇ।