ਅਸ਼ੋਕ ਵਰਮਾ
ਬਠਿੰਡਾ, 8 ਨਵੰਬਰ 2020 - ਕੇਂਦਰ ਸਰਕਾਰ ਵੱਲੋਂ ਪੰਜਾਬ ’ਚ ਰੇਲ ਗੱਡੀਆਂ ਚਲਾਉਣ ਦੀ ਬੇਯਕੀਨੀ ਵਾਲੀ ਹਾਲਤ ਕਾਰਨ ਮੁਸਾਫਰਾਂ ਦੇ ਫਿਕਰ ਵਧ ਗਏ ਹਨ। ਇਹਨਾਂ ਦਿਨਾਂ ਦੌਰਾਨ ਦਿੱਲੀ ਅਤੇ ਦੂਸਰੇ ਵਪਾਰਕ ਸਥਾਨਾਂ ਨੂੰ ਆਮ ਦਿਨਾਂ ਨਾਲੋਂ ਆਵਾਜਾਈ ਵਧ ਜਾਂਦੀ ਹੈ। ਹੁਣ ਜਦੋਂ ਗੱਡੀਆਂ ਬੰਦ ਪਈਆਂ ਹਨ ਤਾਂ ਬਦਲਵੇਂ ਸਾਧਨ ਮਹਿੰਗੇ ਪੈ ਰਹੇ ਹਨ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਜੇਬ 'ਤੇ ਪਵੇਗਾ। ਉੱਧਰ ਦਿਵਾਲੀ ਆਦਿ ਮੌਕੇ ਛੁੱਟੀਆਂ ਲੈਕ ਘਰਾਂ ਨੂੰ ਪਰਤਣ ਵਾਲੇ ਫੌਜ ਦੇ ਜਵਾਨਾਂ ਅਤੇ ਪੰਜਾਬ ਤੋਂ ਬਾਹਰ ਹੋਰਨਾਂ ਰਾਜਾਂ ਵਿੱਚ ਨੌਕਰੀਆਂ ਕਰਦੇ ਲੋਕਾਂ ਵਿੱਚ ਬੇਚੈਨੀ ਵਾਲੀ ਸਥਿਤੀ ਬਣੀ ਹੋਈ ਹੈ। ਰੇਲਾਂ ਬੰਦ ਹੋਣ ਕਾਰਨ ਪਹਿਲਾਂ ਦੁਸਹਿਰੇ ਮੌਕੇ ਘਰ ਪਹੁੰਚਣ ਤੋਂ ਵਾਂਝੇ ਰਹੇ ਪੰਜਾਬੀ ਹੁਣ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਆਪਣੇ ਪਰਿਵਾਰਾਂ ਨਾਲ ਸਾਂਝੀਆਂ ਕਰਨ ਵਿੱਚ ਅਸਮਰੱਥ ਹੋਏ ਨਜ਼ਰ ਆ ਰਹੇ ਹਨ।
ਬਠਿੰਡਾ ’ਚ ਹਲਵਾਈ ਵਜੋਂ ਕੰਮ ਕਰਨ ਵਾਲੇ ਮਨੀਸ਼ ਯਾਦਵ ਅਤੇ ਉਸ ਦੇ ਸਾਥੀ ਰਾਮਾ ਨੰਦ ਪਾਸਵਾਨ ਨੇ ਦੱਸਿਆ ਕਿ ਉਸ ਦਾ ਭਰਾ ਘਰ ਗਿਆ ਸੀ ਜਿਸ ਨੂੰ ਬਠਿੰਡਾ ਆਉਣ ’ਚ ਦਿੱਕਤ ਆ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ’ਚ ਲਗਾਤਾਰ ਕੰਮ ਰਹਿਣ ਕਾਰਨ ਚਾਰ ਪੈਸੇ ਬਣ ਜਾਂਦੇ ਹਨ ਪਰ ਹੁਣ ਉਹ ਘਰ ਵਿਹਲਾ ਬੈਠਾ ਪੱਲਿਓਂ ਖਰਚ ਕਰ ਰਿਹਾ ਹੈ। ਉੱਧਰ ਵੱਖ ਵੱਖ ਕਾਰੋਬਾਰੀਆਂ ਅਨੁਸਾਰ ਪੰਜਾਬ ਤੋਂ ਬਾਹਰ ਦੇ ਰਾਜਾਂ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਇਨ੍ਹਾਂ ਲੋਕਾਂ ਲਈ ਕਮਜ਼ੋਰ ਵਿੱਤੀ ਸਾਧਨਾਂ ਦੇ ਚਲਦਿਆਂ ਹਵਾਈ ਸਾਧਨਾਂ ਰਾਹੀਂ ਘਰਾਂ ਨੂੰ ਪਰਤਣਾ ਬੇਹੱਦ ਮੁਸ਼ਕਲ ਹੈ ।
ਕੇਂਦਰ ਵਿਰੁੱਧ ਸੰਘਰਸ਼ ਲਈ ਡਟੀਆਂ ਕਿਸਾਨ ਯੂਨੀਅਨਾਂ ਨੇ ਵੀ ਭਾਵੇਂ ਮਾਲ ਗੱਡੀਆਂ ਲਈ ਰੇਲਵੇ ਲਾਈਨਾਂ ਛੱਡ ਦਿੱਤੀਆਂ ਹਨ, ਪਰ ਯਾਤਰੀ ਗੱਡੀਆਂ ਚੱਲਣ ਬਾਰੇ ਸਥਿਤੀ ਸਪਸ਼ਟ ਨਾ ਹੋਣ ਕਾਰਨ ਆਮ ਲੋਕਾਂ ਵਿਚ ਅਨਿਸ਼ਚਿਤਤਾ ਬਣੀ ਹੋਈ ਹੈ। ਸਿਰਫ਼ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਪੰਜਾਬ ਆਉਣ ਦੇ ਚਾਹਵਾਨਾਂ ਹੀ ਨਹੀਂ, ਬਲਕਿ ਪੰਜਾਬ ਤੋਂ ਆਪਣੇ ਰਾਜਾਂ ਨੂੰ ਜਾਣ ਦੇ ਚਾਹਵਾਨ ਲੋਕਾਂ ਲਈ ਵੀ ਇਹ ਮੁਸ਼ਕਲ ਦੀ ਘੜੀ ਬਣੀ ਹੋਈ ਹੈ। ਜੰਮੂ ਤੇ ਕਸ਼ਮੀਰ ਤੋਂ ਦੇਸ਼ ਦੇ ਹੋਰਨਾਂ ਭਾਗਾਂ ’ਚ ਜਾਣ ਵਾਲੇ ਫੌਜੀ ਜਾਂ ਨੀਮ ਫ਼ੌਜੀ ਬਲਾਂ ਦੇ ਜਵਾਨ ਪੰਜਾਬ ਦੇ ਰੇਲਵੇ ਟਰੈਕਾਂ ਦੇ ਸੁੰਨੇ ਪਏ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ ਰੇਲ ਗੱਡੀਆਂ ਚਲਾਉਣ ਦੀ ਉਡੀਕ ’ਚ ਹਨ, ਕਿਉਂਕਿ ਇਸ ਲਈ ਇੱਕੋ-ਇਕ ਰੂਟ ਜੰਮੂ-ਪਠਾਨਕੋਟ ਹੀ ਹੈ।