ਚੰਡੀਗੜ੍ਹ, 22 ਸਤੰਬਰ: ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅੱਜ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਅਤੇ ਹੋਰਨਾ ਖ੍ਰੀਦ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੇ ਝੋਨੇ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਭਰੋਸਾ ਮੰਗਿਆ ਹੈ।
ਲੋਕ ਸਭਾ ਚ ਬੋਲਦਿਆਂ ਤਿਵਾੜੀ ਨੇ ਕਿਹਾ ਕਿ ਹਾਲ ਹੀ ਵਿੱਚ ਖੇਤੀ ਨੂੰ ਲੈ ਕੇ ਪਾਸ ਕੀਤੇ ਗਏ ਦੋ ਬਿੱਲਾਂ ਅਤੇ ਜ਼ਰੂਰੀ ਵਸਤਾਂ ਕਾਨੂੰਨ ਚ ਸੋਧ ਕਾਰਨ ਦੇਸ਼ ਭਰ ਅੰਦਰ ਕਰੋੜਾਂ ਕਿਸਾਨਾਂ ਚ ਇਸ ਗੱਲ ਦੀ ਸ਼ੰਕਾ ਹੈ ਕਿ ਭਾਰਤ ਸਰਕਾਰ ਕੇਂਦਰੀ ਏਜੰਸੀਆਂ ਰਾਹੀਂ ਖਰੀਦ ਅਤੇ ਸੂਬੇ ਦੀਆਂ ਏਜੰਸੀਆਂ ਨੂੰ ਖ਼ਰੀਦ ਵਾਸਤੇ ਦਿੱਤੀ ਜਾਣ ਵਾਲੀ ਅਦਾਇਗੀ ਬੰਦ ਕਰ ਦੇਵੇਗੀ ਅਤੇ ਐਮਐਸਪੀ ਨੂੰ ਲੈ ਕੇ ਕੀ ਹੋਣ ਵਾਲਾ ਹੈ।
ਐੱਮ.ਪੀ ਨੇ ਕਿਹਾ ਕਿ ਝੋਨੇ ਦੀ ਖਰੀਦ ਦਾ ਵਕਤ ਨੇੜੇ ਹੈ ਅਤੇ ਸਰਕਾਰ ਤੋਂ ਇਸ ਗੱਲ ਦਾ ਭਰੋਸਾ ਮਿਲਣਾ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਭਾਰਤ ਅੰਦਰ ਕਰੋੜਾਂ ਕਿਸਾਨ ਖੇਤੀ ਬਿੱਲਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਕਿਉਂਕਿ ਉਨ੍ਹਾਂ ਇਸ ਗੱਲ ਦਾ ਡਰ ਹੈ ਕਿ ਐੱਫਸੀਆਈ ਵਰਗੀ ਕੇਂਦਰੀ ਏਜੰਸੀ ਰਾਹੀਂ ਹੋਣ ਵਾਲੀ ਖਰੀਦ ਅਤੇ ਸੂਬਿਆਂ ਦੀਆਂ ਏਜੰਸੀਆਂ ਨੂੰ ਖਰੀਫ ਦੀ ਖਰੀਦ ਨੂੰ ਲੈ ਕੇ ਦਿੱਤੇ ਜਾਣ ਵਾਲੇ ਫੰਡਾਂ ਤੇ ਐਮਐਸਪੀ ਵਿਵਸਥਾ ਨੂੰ ਬੰਦ ਕੀਤਾ ਜਾ ਰਿਹਾ ਹੈ।
ਜਿਸ ਤੇ ਤਿਵਾੜੀ ਨੇ ਕਿਹਾ ਕਿ ਸਰਕਾਰ ਨੂੰ ਸਪੱਸ਼ਟੀਕਰਨ ਦਿੰਦਿਆਂ ਹੋਇਆਂ, ਕਿਸਾਨਾਂ ਨੂੰ ਇਹ ਭਰੋਸਾ ਦੇਣਾ ਚਾਹੀਦਾ ਹੈ ਕਿ ਕੇਂਦਰੀ ਏਜੰਸੀਆਂ ਵੱਲੋਂ ਹੋਣ ਵਾਲੀ ਖਰੀਦ ਅਤੇ ਐਮਐਸਪੀ ਦੀ ਵਿਵਸਥਾ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਹੈ। ਐਮਐਸਪੀ ਉਦੋਂ ਮਿਲੇਗੀ ਜੇਕਰ ਖਰੀਦ ਪਹਿਲਾਂ ਵਾਂਗ ਹੁੰਦੀ ਹੈ।