ਅਸ਼ੋਕ ਵਰਮਾ
ਬਠਿੰਡਾ, 24 ਨਵੰਬਰ 2020 - ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਮਜਦੂਰਾਂ,ਕਿਰਤੀਆਂ ਅਤੇ ਵੱਖ ਵੱਖ ਵਰਗਾਂ ਨੇ ਦਿੱਲੀ ਚੱਲੋ ਪ੍ਰੋਗਰਾਮ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਪੰਜਾਬ ਦੀ ਧਰਤੀ ’ਤੇ ਵਰ੍ਹਿਆਂ ਮਗਰੋਂ ਸੰਘਰਸ਼ ਦਾ ਅਜਿਹਾ ਹੋਕਾ ਦਿੱਤਾ ਗਿਆ ਹੈ। ਨਵੇਂ ਖੇਤੀ ਕਾਨੂੰਨਾਂ ਨੇ ਪਿੰਡਾਂ ਦੀਆਂ ਔਰਤਾਂ ਅਤੇ ਬੱਚਿਆਂ ਦੇ ਨਾਲ ਨਾਲ ਹਰ ਕਿਸੇ ਨੂੰ ਹਲੂਣ ਦਿੱਤਾ ਹੈ। ਵੱਡੀ ਗੱਲ ਹੈ ਕਿ ਇਸ ਸੰਘਰਸ਼ ’ਚ ਪਹਿਲੀ ਵਾਰ ਨਿੱਤਰੇ ਬਹੁਤੇ ਪਰਿਵਾਰਾਂ ਦੇ ਰੋਹ ਨੇ ਊਬਾਲਾ ਮਾਰਿਆ ਹੈ ਜਿਸ ਨੇ ਸਰਕਾਰਾਂ ਦੇ ਫਿਕਰ ਵਧਾ ਦਿੱਤੇ ਹਨ। ਹਰੀਆਂ ਅਤੇ ਪੀਲੀਆਂ ਚੁੰਨੀਆਂ ਵੱਲੋਂ ਪਿੰਡਾਂ ’ਚ ਢੋਲ ਮਾਰਚ ਕੀਤੇ ਜਾ ਰਹੇ ਹਨ ਤਾਂ ਨੌਜਵਾਨਾਂ ਨੇ ਮਸ਼ਾਲ ਮਾਰਚਾਂ ਨਾਲ ਦਿੱਲੀ ਜਾਣ ਦਾ ਸੱਦਾ ਦੇਣਾ ਸ਼ੁਰੂ ਕੀਤਾ ਹੋਇਆ ਹੈ।
ਪਿੰਡ-ਪਿੰਡ ਲੰਗਰ ਲਈ ਰਸਦ ਇਕੱਠੀ ਕੀਤੀ ਜਾ ਰਹੀ ਹੈ। ਕਿਰਤੀ ਲੋਕ ਵੀ ਆਪਣੀ ਕਿਰਤ ਕਮਾਈ ਚੋਂ ਲੂਣ,ਮਿਰਚ,ਮਸਾਲਾ ਅਤੇ ਫੰਡ ਦੇ ਰਹੇ ਹਨ। ਵੱਡੀ ਗੱਲ ਉਸ ਹੌਂਸਲੇ ਦੀ ਹੈ ਜੋ ਸੰਘਰਸ਼ੀ ਆਗੂਆਂ ਨੂੰ ਚੜਦੀ ਕਲਾ ’ਚ ਕਰ ਰਿਹਾ ਹੈ। ਖੇਤੀ ਕਾਨੂੰਨਾਂ ਦੀ ਆਮਦ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਹਿਲਾਂ 7 ਦਰਜਨ ਪਿੰਡਾਂ ’ਚੋਂ ਕਿਸਾਨ ਧਰਨਿਆਂ ਮੁਜਾਹਰਿਆਂ ’ਚ ਆਉਂਦੇ ਸਨ, ਜਦੋਂ ਕਿ ਹੁਣ ਸਵਾ ਸੌ ਪਿੰਡਾਂ ’ਚ ਸਰਗਰਮੀਆਂ ਚੱਲ ਰਹੀਆਂ ਹਨ। ਸੰਗਰੂਰ ਜ਼ਿਲ੍ਹੇ ’ਚ ਵੀ ਸੈਂਕੜੇ ਦੀ ਗਿਣਤੀ ’ਚ ਕਿਸਾਨਾਂ ਨੇ ਵੱਖ ਵੱਖ ਧਿਰਾਂ ਦੀ ਮੈਂਬਰਸ਼ਿੱਪ ਹਾਸਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਈ ਪਿੰਡ ਤਾਂ ਅਜਿਹੇ ਸਨ ਜਿੱਥੇ ਕਿਸੇ ਧਿਰ ਦੀ ਪਿੰਡ ਇਕਾਈ ਨਹੀਂ ਸੀ ਜਦੋਂ ਕਿ ਹੁਣ ਆਪ ਮੁਹਾਰੇ ਇਕਾਈਆਂ ਬਣਾ ਲਈਆਂ ਹਨ ।
ਉਹਨਾਂ ਆਖਿਆ ਕਿ ਜਦੋਂ ਜਿੰਦਗੀ ਮੌਤ ਦਾ ਸਵਾਲ ਬਣ ਜਾਏ ਤਾਂ ਖੇਤ ਜਾਗਦੇ ਹਨ ਅਤੇ ਪਿੰਡ ਉੱਠਦੇ ਹਨ । ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਦਰਜਨ ਪਿੰਡਾਂ ਵਿਚ ਕਿਸਾਨ ਵਿੰਗ ਖੜੇ ਹੋ ਗਏ ਹਨ। ਮਹੱਤਵਪੂਰਨ ਤੱਥ ਹੈ ਕਿ ਪਿੰਡ ਬਾਦਲ ਦੇ ਕਿਸਾਨਾਂ ਨੇ ਵੀ ਸੰਘਰਸ਼ੀ ਪੈਂਤੜਾ ਅਖਤਿਆਰ ਕੀਤਾ ਹੈ। ਲੰਬੀ ਹਲਕੇ ਦੀਆਂ ਔਰਤਾਂ ਨੇ ਤਾਂ ਖੇਤੀ ਆਰਡਨੈਂਸ ਜਾਰੀ ਹੋਣ ਦੇ ਦਿਨ ਤੋਂ ਹੀ ਮੋਰਚਾ ਮੱਲਿਆ ਹੋਇਆ ਹੈ। ਜਵਾਨੀ ਨੇ ਕਿਸਾਨ ਮੋਰਚਿਆਂ ’ਚ ਨਵਾਂ ਹੁਲਾਰਾ ਭਰ ਦਿੱਤਾ ਹੈ। ਪਿੰਡਾਂ ’ਚੋਂ ਬੀਬੀਆਂ ਕੇਸਰੀ ਅਤੇ ਹਰੀਆਂ ਚੁੰਨੀਆਂ ਲੈ ਕੇ ਪੁੱਜ ਰਹੀਆਂ ਹਨ। ਇਹਨਾਂ ਸੰਘਰਸ਼ੀ ਲੋਕਾਂ ਨੇ ਸਰਕਾਰਾਂ ਦੀਆਂ ਨੀਤੀਆਂ ਅੱਗੇ ਨਾਂ ਲਿਫਣ ਅਤੇ ਨਾਂ ਹੀ ਝਿਪਣ ਦਾ ਫੈਸਲਾ ਲਿਆ ਹੈ।
ਕਿਸਾਨਾਂ ਦੇ ਕਾਫਲੇ ਹੁਣ ਸੜਕਾਂ ਤੇ ਨਿੱਤਰੇ ਹਨ ਜੋ ਕਿ ਕਿਸਾਨ ਆਗੂਆਂ ਨੂੰ ਧਰਵਾਸਾ ਦੇਣ ਵਾਲੇ ਹਨ। ਬਰਨਾਲਾ ’ਚ ਤਾਂ ਪੜਾਈ ਛੱਡ ਨਿੱਕੇ ਨਿੱਕੇ ਬੱਚਿਆਂ ਨੇ ਮੋਰਚਾ ਸੰਭਾਲ ਲਿਆ ਹੈ । ਟਰਾਈਡੈਂਟ ਸੰਘਰਸ਼ ਦੌਰਾਨ ਜਮੀਨਾਂ ਖੁੱਸਣ ਵੇਲੇ ਵੀ ਸੈਂਕੜੇ ਔਰਤਾਂ ਨੇ ਸੰਘਰਸ਼ ਦਾ ਰਾਹ ਫੜਿਆ ਸੀ ਅਤੇ ਮੁੜ ਪਿੱਛੇ ਨਹੀਂ ਦੇਖਿਆ। ਉਹ ਹੁਣ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਖਿਲਾਫ ਮੋਰਚੇ ’ਚ ਬੈਠਦੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ 20 ਸਾਲ ਪਹਿਲਾਂ ਬੁਰੇ ਵਕਤ ਦੇਖੇ ਹਨ ,ਉਦੋਂ ਨਹੀਂ ਡੋਲੀਆਂ ਤਾਂ ਹੁਣ ਕਾਹਦਾ ਡਰ। ਉਹ ਆਖਦੀਆਂ ਹਨ ਕਿ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਿਸ ਲਵੇ ਨਹੀਂ ਤਾਂ ‘ਮਾਈ ਭਾਗੋ’ ਦੀਆਂ ਵਾਰਿਸਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਬਠਿੰਡਾ 'ਚੋਂ ਕਿਸਾਨ ਜੱਥੇ ਦਿੱਲੀ ਰਵਾਨਾ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ’ਚ ਅੱਜ ਹਜਾਰਾਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਅੱਜ ਕੋਟਸ਼ਮੀਰ ਤੋਂ ਤੁਰੇ ਇਹਨਾਂ ਕਾਫਲਿਆਂ ਦਾ ਜੋਸ਼ ਦੇਖਣ ਵਾਲਾ ਸੀ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਅਤੇ ਪ੍ਰਚਾਰ ਸਕੱਤਰ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਲਈ ਅਗੇਤੇ ਪ੍ਰਬੰਧ ਕਰਨਗੇ। ਉਹਨਾਂ ਆਖਿਆ ਕਿ ਜੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਹੀ ਮੋਰਚਾ ਸ਼ੁਰੂ ਕਰ ਦਿੱਤਾ ਜਾਏਗਾ।
ਮੋਦੀ ਸਰਕਾਰ ਦੀ ਅੜ ਭੰਨਣਗੇ ਕਿਸਾਨ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਆਖਦੇ ਹਨ ਕਿ ਜਦੋਂ ਸਰਕਾਰਾਂ ਬੋਲੀਆਂ ਹੋ ਜਾਣ ਤਾਂ ਘਰਾਂ ਚੋਂ ਨਿੱਕਲਣਾ ਹੀ ਪੈਂਦਾ ਹੈ। ਉਹਨਾਂ ਆਖਿਆ ਕਿ ਕਿਸਾਨੀ ਸੰਘਰਸ਼ ’ਚ ੳੁੱਤਰੀ ਜਵਾਨੀ ਨੇ ਰੋਹ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ ਤਾਂ ਬਜ਼ੁਰਗਾਂ ਨੇ ਵੀ ਲੜਾਈ ਪ੍ਰਚੰਡ ਕੀਤੀ ਹੈ। ਉਹਨਾਂ ਆਖਿਆ ਕਿ ਜਿਸ ਤਰਾਂ ਦਾ ਹਾਲਾਤ ਹਨ ,ਉਸ ਤੋਂ ਪਤਾ ਲੱਗਦਾ ਹੈ ਕਿ ਜਿਹਨਾਂ ਕਿਸਾਨਾਂ ਨੇ ਨਿੱਕੇ ਹੁੰਦਿਆਂ ਪਿਓ ਦਾਦੇ ਨਾਲ ਹਲ ਵਾਹੇ, ਬੰਜਰ ਭੰਨੇ ਹੁਣ ਉਹ ਮੋਦੀ ਸਰਕਾਰ ਦੀ ਅੜੀ ਭੰਨ ਕੇ ਹੀ ਹਟਣਗੇ ।
ਪੇਂਡੂ ਡਾਕਟਰਾਂ ਨੇ ਦਿੱਤਾ ਭਰਾਤਰੀ ਮੋਢਾ
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਨੇਂ ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਲਾਏ ਮੋਰਚੇ ਦੌਰਾਨ ਡਾਕਟਰੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਡਾਕਟਰ ਧੰਨਾ ਮੱਲ ਗੋਇਲ ਦਾ ਕਹਿਣਾ ਸੀ ਕਿ ਠੰਢ ਦੇ ਮੌਸਮ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦਿਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਜਿੱਥੇ ਵੀ ਕਿਸਾਨ ਮੋਰਚਾ ਲੱਗਦਾ ਹੈ ਐਸੋਸੀਏਸ਼ਨ ਦੇ ਮੈਂਬਰ ਉੱਥੇਹੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਗੇ। ਡਾਕਟਰ ਗੋਇਲ ਨੇ ਜੱਥੇਬੰਦੀ ਦੇ ਸਮੂਹ ਮੈਂਬਰਾਂ ਨੂੰ ਕਿਸਾਨਾਂ ਦੀ ਸਿਹਤ ਦੇ ਮੱਦੇਨਜ਼ਰ ਹੁਣੇ ਤੋਂ ਹੀ ਡਿਊਟੀ ’ਚ ਜੁਟ ਜਾਣ ਦਾ ਸੱਦਾ ਦਿੱਤਾ।