ਅਸ਼ੋਕ ਵਰਮਾ
ਨਵੀਂ ਦਿੱਲੀ 2 ਅਪ੍ਰੈਲ 2021: 26 ਨਵੰਬਰ2020 ਤੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਚੱਲ ਰਿਹਾ ਮੋਰਚਾ 126ਵੇ ਦਿਨ ਵਿੱਚ ਚਲਾ ਗਿਆ ਹੈ ਅਤੇ ਸੰਘਰਸ਼ੀ ਲੋਕਾਂ ਦੇ ਹੌਸਲੇ ਬੁਲੰਦ ਹਨ।ਭਾਰਤ ਦੇ ਹਾਕਮ ਚੋਣ ਦੰਗਲ ਵਿੱਚ ਨਿੱਤਰੇ ਹੋਏ ਹਨ ਅਤੇ ਦੇਸ ਦੇ ਕਿਸਾਨ,ਮਜ਼ਦੂਰ, ਮੁਲਾਜ਼ਮ,ਵਿਦਿਆਰਥੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉੱਤਰੇ ਹੋਏ ਹਨ।ਦੇਸ਼ ਦਾ ਇਹ ਮੰਜਰ ਬੁੱਧੀਜੀਵੀਆਂ ਅਨੁਸਾਰ ਗੰਭੀਰ ਚਿੰਤਾ ਦਾ ਵਿਸ਼ਾ ਹੈ।ਕਿਸੇ ਦੇਸ਼ ਦੀ ਖੁਸ਼ਹਾਲੀ ਮੰਦਹਾਲੀ ਮਾਪਣ ਲਈ ਉੱਥੋਂ ਦੇ ਨਾਗਰਿਕਾਂ ਦੀ ਸਿਹਤ, ਸੁਰੱਖਿਆ,ਸਿੱਖਿਆ ਅਤੇ ਸਨਮਾਨ ਦੀਆਂ ਹਾਲਤਾਂ ਨਤੀਜਾ ਕੱਢ ਦਿੰਦੀਆਂ ਹਨ।ਇਹ ਸ਼ਬਦ ਅਮਰੀਕ ਸਿੰਘ ਗੰਢੂਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਸੰਬੋਧਨ ਕਰਦਿਆਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਬੀਬੀ ਗ਼ਦਰੀ ਗੁਲਾਬ ਕੌਰ ਨਗਰ ਸਟੇਜ ਤੋਂ ਕਹੇ।
ਭਾਕਿਯੂ ਏਕਤਾ (ਉਗਰਾਹਾਂ) ਦੇ ਨੌਜਵਾਨ ਬੁਲਾਰੇ ਰਮਨਦੀਪ ਸਿੰਘ ਲੌਂਗੋਵਾਲ ਨੇ ਖ਼ਚਾ ਖਚ ਭਰੇ ਪੰਡਾਲ ਨੂੰ ਬੋਲਦਿਆਂ ਕਿਹਾ ਕਿ ਕਰੋਨਾ ਸੰਕਟ ਦੇ ਚਲਦਿਆਂ ਦੇਸ਼ ਦਾ ਸਰਕਾਰੀ ਤੰਤਰ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ ਸਿਤਮ ਇਹ ਹੋਇਆ ਕਿ ਸਰਕਾਰ ਸੰਕਟ ਦੌਰਾਨ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਸ ਨੂੰ ਸੁਨਿਹਰੀ ਮੌਕਾ ਮੰਨ ਕੇ ਤਿੱਖੇ ਖੇਤੀ ਵਿਰੋਧੀ ਕਾਲੇ ਕਾਨੂੰਨ ਲੋਕਾਂ ਤੇ ਲੱਦ ਦਿੱਤੇ ਜਿਸਦਾ ਸਿੱਟਾ ਇਹ ਨਿਕਲਿਆ ਕਿ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਜਬਰਦਸਤ ਵਿਰੋਧ ਸਦਕਾ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਜਨਤਾ 'ਚ ਉਤਰਨ ਦਾ ਜੋਖਮ ਲੈਣ ਲਈ ਦੁਬਿਧਾ ਵਿੱਚ ਹੈ। ਅਤੇ ਭਾਜਪਾ ਪ੍ਰਤੀ ਲੋਕਾਂ ਦਾ ਗੁੱਸਾ ਇੰਨਾ ਵਧ ਰਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਆਗੂਆਂ ਅਤੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਹੈਲੀਕਾਪਟਰ ਉਤਾਰਨ ਨੂੰ ਜ਼ਮੀਨ ਲੱਭਣੀ ਮੁਸ਼ਕਿਲ ਹੋ ਗਈ।ਉਨ੍ਹਾਂ ਕਿਸਾਨਾਂ ਅਤੇ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਂਦੇ ਹੋਏ ਵਿਰੋਧ ਦਾ ਤਰੀਕਾ ਸ਼ਾਂਤਮਈ ਰੱਖਿਆ ਜਾਵੇ ।
ਸਰਕਾਰ ਆਪਣੇ ਕਿਸਾਨ ਵਿਰੋਧੀ ਫ਼ੈਸਲਿਆਂ ਤੇ ਕਾਇਮ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦੇ ਆਪਣੇ ਫ਼ੈਸਲੇ 'ਤੇ ਅਟੱਲ ਹਨ।ਚੁਣੌਤੀ ਕਿਸਾਨਾ ਲਈ ਭਾਵੇਂ ਵੱਡੀ ਹੈ।ਕਣਕ ਦੀ ਫਸਲ ਦੀ ਕਟਾਈ,ਸੰਭਾਈ ਤੇ ਖ਼ਰੀਦ ਯਕੀਨੀ ਬਣਾਉਣਾ ਹੈ। ਮੋਦੀ ਸਰਕਾਰ ਦੇ ਇਸ ਵੱਡੇ ਹਮਲੇ ਦੇ ਖ਼ਿਲਾਫ਼ ਸਿਖ਼ਰ ਤੇ ਗਿਆ ਸੰਘਰਸ਼ ਵੀ ਵੱਡੀ ਤਾਕਤ ਅਤੇ ਧਿਆਨ ਦੀ ਮੰਗ ਕਰਦਾ ਹੈ ਜਿਸ ਦੀ ਪੂਰਤੀ ਸਾਡੀਆਂ ਕਿਸਾਨ ਅਤੇ ਮਜ਼ਦੂਰ ਭੈਣਾ ਵੱਡੇ ਕਾਫ਼ਲਿਆਂ ਵਿੱਚ ਦਿੱਲੀ ਵਿਖੇ ਮੋਰਚੇ ਵਿੱਚ ਪਹੁੰਚ ਕੇ ਕਰਨਗੀਆਂ।ਪੰਜਾਬ ਸਮੇਤ ਦੇਸ਼ ਦੁਨੀਆਂ ਦੀ ਨਿਗਾਹਾਂ ਕਿਸਾਨੀ ਅੰਦੋਲਨ 'ਤੇ ਟਿਕੀਆਂ ਹੋਈਆਂ ਹਨ। ਸਟੇਜ ਤੋਂ ਅਮਰਜੀਤ ਕੌਰ ਕੋਟੜਾ ਪੰਜਾਬ ਖੇਤ ਮਜ਼ਦੂਰ ਯੂਨੀਅਨ, ਜਗਦੇਵ ਸਿੰਘ (ਬਠਿੰਡਾ), ਮਾਲਵਿੰਦਰ ਸਿੰਘ (ਪਟਿਆਲਾ),ਮੇਘ ਰਾਜ ਰੱਲਾ (ਮਾਨਸਾ),ਦੇਸ਼ਾ ਸਿੰਘ (ਤਰਨਤਾਰਨ),ਬਿੱਟੂ ਮੱਲਣ (ਮੁਕਤਸਰ),ਹਰਬੰਸ ਸਿੰਘ (ਮਾਨਸਾ),ਮਨਜੀਤ ਸਿੰਘ ਘਰਾਚੋਂ (ਸੰਗਰੂਰ),ਮਿੱਠੂ ਸਿੰਘ (ਬਠਿੰਡਾ), ਗੁਰਦੇਵ ਸਿੰਘ (ਪਟਿਆਲਾ), ਕੁਲਦੀਪ ਸਿੰਘ (ਅੰਮ੍ਰਿਤਸਰ) ਅਤੇ ਹਰਜਿੰਦਰ ਸਿੰਘ ਸਾਹਪੁਰਾ (ਫਾਜ਼ਿਲਕਾ) ਆਦਿ ਨੇ ਵੀ ਸੰਬੋਧਨ ਕੀਤਾ।