- 53ਵੇਂ ਦਿਨ ਵੀ ਪੰਜਾਬ ਭਰ ਦੇ ਕਿਸਾਨ-ਮੋਰਚਿਆਂ 'ਚ ਗੂੰਜੇ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇ ਚੰਡੀਗੜ੍ਹ, ਨਵੰਬਰ 22, 2020 - 53ਵੇਂ ਦਿਨ ਪੰਜਾਬ ਭਰ 'ਚ ਟੋਲ-ਪਲਾਜ਼ਿਆਂ, ਰੇਲਵੇ-ਪਾਰਕਾਂ, ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ, ਮਲਟੀਨੈਸ਼ਨਲ ਕੰਪਨੀਆਂ ਦੇ ਮਾਲਜ਼, ਅੰਬਾਨੀ ਦੇ ਰਿਲਾਇੰਸ ਪੰਪਾਂ 'ਤੇ ਲੱਗੇ 30 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ 'ਚ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇ ਗੂੰਜਦੇ ਰਹੇ। ਪਿੰਡਾਂ 'ਚ ਢੋਲ ਮਾਰਚਾਂ, ਨੁੱਕੜ-ਨਾਟਕਾਂ, ਮੀਟਿੰਗਾਂ, ਘਰ-ਘਰ ਸੰਪਰਕ ਮੁਹਿੰਮ ਰਾਹੀਂ ਜਿੱਥੇ ਹਰ ਪੰਜਾਬੀ ਨੂੰ 26-27 ਨਵੰਬਰ ਤੋਂ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ, ਨਾਲ ਹੀ ਦਿੱਲੀ-ਮੋਰਚੇ ਲਈ ਰਾਸ਼ਣ, ਬਾਲਣ ਅਤੇ ਫੰਡ ਇਕੱਠਾ ਕੀਤਾ ਗਿਆ। ਇਸ ਮੁਹਿੰਮ ਵਿੱਚ ਕਿਸਾਨ ਔਰਤ ਕਾਰਕੁਨਾਂ ਵੀ ਅਸਰਦਾਰ ਭੂਮਿਕਾ ਨਿਭਾ ਰਹੀਆਂ ਹਨ।
ਕਿਸਾਨ-ਆਗੂਆਂ ਨੇ ਦੱਸਿਆ ਕਿ 95 ਫੀਸਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕਿਸਾਨ-ਜਥੇਬੰਦੀਆਂ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਮੋਢੇ ਨਾਲ ਮੋਢਾ ਜੋੜਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਔਰਤ, ਨੌਜਵਾਨ, ਵਿਦਿਆਰਥੀ, ਸਾਬਕਾ ਸੈਨਿਕਾਂ, ਮੁਲਾਜ਼ਮਾਂ ਸਮੇਤ ਹਰ ਵਰਗ ਦੇ ਲੋਕ ਪੱਕੇ-ਮੋਰਚਿਆਂ 'ਚ ਸ਼ਮੂਲੀਅਤ ਕਰਦਿਆਂ ਇੱਕਜੁੱਟਤਾ ਪ੍ਰਗਟਾ ਰਹੇ ਹਨ। ਬਰਨਾਲਾ ਦੇ ਕਿਸਾਨ-ਆਗੂਆਂ ਨੇ ਦੱਸਿਆ ਕਿ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਜਿਲ੍ਹਾ ਇਕਾਈ ਵੱਲੋਂ 31 ਹਜ਼ਾਰ ਅਤੇ ਐਕਸ ਸਰਵਿਸਮੈਨਾਂ ਵੱਲੋਂ 10 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ, ਕੇਂਦਰੀ ਪੰਜਾਬੀ ਲੇਖਕ ਸਭਾ(ਰਜ਼ਿ) ਵੱਲੋਂ ਵੀ ਹੱਥ-ਪਰਚਾ ਵੰਢਦਿਆਂ ਪੰਜਾਬ ਭਰ 'ਚ ਕਿਸਾਨ-ਜਥੇਬੰਦੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।