- 5 ਨਵੰਬਰ ਨੂੰ 'ਆਪ' ਦੇ ਨਹੀਂ, ਕਿਸਾਨਾਂ ਦੇ ਧੀ-ਪੁੱਤ ਬਣ ਕੇ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਪਾਰਟੀ ਵਰਕਰ- 'ਆਪ' ਸੂਬਾ ਪ੍ਰਧਾਨ
- ਕੈਪਟਨ ਕਿਸਾਨਾਂ ਨੂੰ ਕਹਿਣ ਦੀ ਥਾਂ ਮੋਦੀ ਨਾਲ ਗੱਲ ਕਿਉਂ ਨਹੀਂ ਕਰਦੇ?
- 'ਆਪ' ਨੇ ਮੋਦੀ ਵੱਲੋਂ ਮਾਲ ਗੱਡੀਆਂ ਤੇ ਆਰਡੀਐਫ ਫ਼ੰਡ ਰੋਕੇ ਜਾਣ ਦਾ ਕੀਤਾ ਸਖ਼ਤ ਵਿਰੋਧ
- ਆਪਣੇ ਦਮ 'ਤੇ ਐਮਐਸਪੀ ਉੱਤੇ ਗਰੰਟੀ ਨਾਲ ਫ਼ਸਲਾਂ ਦੀ ਖ਼ਰੀਦ ਦਾ ਕਾਨੂੰਨ ਬਣਾਵੇ ਪੰਜਾਬ- 'ਆਪ'
ਮੋਗਾ, 28 ਅਕਤੂਬਰ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਦੋਸ਼ ਹੈ ਕਿ ਕੇਂਦਰ ਦੇ ਕਾਲੇ ਕਾਨੂੰਨ ਵਿਰੁੱਧ ਕਿਸਾਨੀ ਸੰਘਰਸ਼ ਤੋ ਬੁਖਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ 'ਤੇ ਦੁਸ਼ਮਣ ਦੇਸ਼ਾਂ ਵਾਂਗ ਪਾਬੰਦੀਆਂ ਥੋਪਣ ਲੱਗੇ ਹਨ।
ਭਗਵੰਤ ਮਾਨ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ ਜੈਤੋ ਅਤੇ ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ), ਸੰਯੁਕਤ ਸਕੱਤਰ ਤਰਨਜੀਤ ਸਿੰਘ, ਸਰਪੰਚ ਹਰਮਨਜੀਤ ਸਿੰਘ ਬਰਾੜ, ਨਵਦੀਪ ਸਿੰਘ ਸੰਘਾ, ਨਸੀਬ ਬਾਵਾ ਅਤੇ ਅਮੀਤ ਪੁਰੀ ਆਦਿ ਆਗੂ ਵੀ ਮੌਜੂਦ ਸਨ।
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਮਾਲ ਗੱਡੀਆਂ ਰੋਕਣਾ/ਗ੍ਰਾਮੀਣ ਵਿਕਾਸ ਫ਼ੰਡ (ਆਰਡੀਐਫ) ਰੋਕਣਾ ਅਤੇ ਜੀਐਸਟੀ ਖੱਜਲਖੁਆਰੀ ਕਰਨਾ ਨਾ ਕੇਵਲ ਪੰਜਾਬ ਪ੍ਰਤੀ ਬਦਲੇਖ਼ੋਰੀ ਵਾਲੀ ਭਾਵਨਾ ਹੈ ਬਲਕਿ ਪੰਜਾਬ ਦੇ ਅਧਿਕਾਰਾਂ 'ਤੇ ਹਮਲਾ ਵੀ ਹੈ। ਅਜਿਹੀਆਂ ਪਾਬੰਦੀਆਂ ਆਮ ਤੌਰ 'ਤੇ ਇੱਕ ਦੇਸ਼ ਦੂਜੇ 'ਤੇ ਲਗਾਉਂਦਾ ਹੈ, ਪਰੰਤੂ ਇਹ ਪਹਿਲੀ ਵਾਰ ਹੈ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਹੀ ਇੱਕ ਉਸ ਸੂਬੇ 'ਤੇ ਲਗਾ ਰਿਹਾ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਅਤੇ ਅੰਨ ਭੰਡਾਰ 'ਚ 90 ਪ੍ਰਤੀਸ਼ਤ ਯੋਗਦਾਨ ਦਿੱਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ ਤਾਂ ਮੋਦੀ ਨੂੰ ਜ਼ਿੰਮੇਵਾਰ ਪ੍ਰਧਾਨ ਮੰਤਰੀ ਵਜੋਂ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਸੰਜੀਦਗੀ ਨਾਲ ਗੱਲ ਕਰਕੇ ਸਮਝਣਾ ਚਾਹੀਦਾ ਹੈ ਕਿ ਆਖ਼ਿਰ ਕਿਸਾਨ ਜਥੇਬੰਦੀਆਂ ਅਤੇ ਖੇਤੀ ਮਾਹਿਰ ਬਿੱਲਾਂ ਦਾ ਵਿਰੋਧ ਕਿਉਂ ਕਰ ਰਹੇ ਹਨ?, ਪਰੰਤੂ ਮੋਦੀ ਅਤੇ ਉਸ ਦੇ ਮੰਤਰੀ ਤਾਂ ਕਿਸਾਨ ਜਥੇਬੰਦੀਆਂ ਨੂੰ ਮਿਲ ਕੇ ਰਾਜ਼ੀ ਨਹੀਂ ਹਨ। ਇਸ ਤਰਾਂ ਮਸਲਾ ਹੱਲ ਕਿਵੇਂ ਹੋਵੇਗਾ ?
ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਮੋਦੀ ਦੇ ਇਸ਼ਾਰੇ 'ਤੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ 'ਚ ਕਿਸਾਨਾਂ ਨੂੰ ਅਪੀਲਾਂ ਨਾ ਕਰਨ, ਸਗੋਂ ਪ੍ਰਧਾਨ ਮੰਤਰੀ ਨਾਲ ਗੱਲ ਕਰਨ।
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਨਰਿੰਦਰ ਮੋਦੀ ਦੇ ਹੰਕਾਰ ਨੂੰ ਤੋੜਨ ਲਈ ਕਿਸਾਨੀ ਸੰਘਰਸ਼ ਦਾ ਹੋਰ ਮਜ਼ਬੂਤ ਅਤੇ ਇੱਕਜੁੱਟ ਰਹਿਣਾ ਬਹੁਤ ਜ਼ਰੂਰੀ ਹੈ। ਇਸ ਲਈ ਮੈਂ (ਮਾਨ) ਸੂਬਾ ਪ੍ਰਧਾਨ ਪਾਰਟੀ ਦੇ ਸਾਰੇ ਵਰਕਰਾਂ, ਵਲੰਟੀਅਰਾਂ ਅਤੇ ਆਗੂਆਂ ਨੂੰ ਨਿਰਦੇਸ਼ ਕਰਦਾ ਹਾਂ ਕਿ ਉਹ ਪਾਰਟੀ ਵਰਕਰ-ਲੀਡਰ ਬਣ ਕੇ ਨਹੀਂ ਸਗੋਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਟਰਾਂਸਪੋਰਟਰਾਂ ਦੇ ਪੁੱਤਾਂ-ਧੀਆਂ ਵਜੋਂ 5 ਨਵੰਬਰ ਦੇ ਕਿਸਾਨ ਸੰਗਠਨਾਂ ਦੇ ਚੱਕਾ ਜਾਮ ਦੇ ਸੱਦੇ 'ਚ ਵੱਧ ਚੜ ਕੇ ਹਿੱਸਾ ਲੈਣ।
ਭਗਵੰਤ ਮਾਨ ਨੇ ਦੱਸਿਆ ਕਿ ਪਾਰਟੀ ਵੱਲੋਂ ਸਾਰੇ ਆਗੂਆਂ ਤੇ ਵਲੰਟੀਅਰਾਂ ਨੂੰ ਹੁਕਮ ਹਨ ਕਿ ਉਹ ਕਿਸਾਨੀ ਸੰਘਰਸ਼ 'ਚ ਪਾਰਟੀ ਦਾ ਝੰਡੇ ਜਾਂ ਨਾਮ-ਨਾਅਰੇ ਦੀ ਬਿਲਕੁਲ ਵਰਤੋਂ ਨਾ ਕਰਨ। ਭਗਵੰਤ ਮਾਨ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਸ਼ਾਂਤੀ ਪੂਰਵਕ ਅਤੇ ਇੱਕਜੁੱਟ ਸੰਘਰਸ਼ ਦੀ ਵਧਾਈ ਦਿੱਤੀ ਅਤੇ ਸੁਚੇਤ ਕੀਤਾ ਕਿ ਮੋਦੀ ਸਰਕਾਰ ਹਿੰਸਾ ਦੇ ਨਾਂ 'ਤੇ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀ ਤਾਕ 'ਚ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਬਾਦਲ ਪੰਜਾਬ ਨੂੰ ਕਾਲੇ ਦਿਨਾਂ ਦਾ ਡਰਾਵਾ ਦੇ ਕੇ ਆਪਣੇ ਸੌੜੇ ਸਿਆਸੀ ਪੂਰਨ ਦੀ ਰਾਜਨੀਤੀ ਕਰ ਰਹੇ ਹਨ।