ਅਸ਼ੋਕ ਵਰਮਾ
ਬਠਿੰਡਾ,19 ਅਕਤੂਬਰ 2020: ਪੰਜਾਬ ਖੇਤ ਮਜਦੂਰ ਯੂਨੀਅਨ ਦੀ ਪਹਿਲਕਦਮੀ ਤੇ ਰਾਮਪੁਰਾ ਦੇ ਵੱਖ ਵੱਖ ਤਬਕਿਆਂ, ਛੋਟੇ ਕਾਰੋਬਾਰੀਆਂ ,ਉਸਾਰੀ ਤੇ ਖੇਤ ਮਜਦੂਰਾਂ,ਤਰਕਸ਼ੀਲ ਆਗੂਆਂ, ਸਾਹਿਤਕ ਆਗੂਆਂ, ਢੋਆ-ਢੁਆਈ ਨਾਲ ਸਬੰਧਤ ਮਜਦੂਰਾਂ ਸਫਾਈ ਕਰਮਚਾਰੀਆਂ ਅਤੇ ਦੋਧੀ ਯੂਨੀਅਨਾਂ ਆਦਿ ਨੇ ਕਿਸਾਨ ਧਿਰਾਂ ਵੱਲੋਂ ਦਿੱਤੇ ਸੱਦੇ ਨੂੰ ਭਰਵਾਂ ਹੁੰਗਾਰਾ ਭਰਦਿਆਂ ਦੁਸ਼ਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਪ੍ਰੋਗਰਾਮਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਅੰਦਰ ਚਲਦੇ ਕਿਸਾਨ ਸੰਘਰਸ਼ ਨੂੰ ਭਰਾਤਰੀ ਮੋਢਾ ਦੇਣ ਲਈ ਸਹਾਇਤਾ ਕਮੇਟੀ ਬਣਾਈ ਗਈ ਜੋਕਿ ਇਸ ਰੋਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਤਾਣ ਲਾਏਗੀ। ਮੀਟਿੰਗ ਨੂੰ ਸਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਖੇਤੀ ਨਾਲ ਬਣਾਏ ਕਾਲੇ ਕਾਨੂੰਨ ਕਿਸਾਨਾਂ ਦੀਆਂ ਜੱਦੀ ਪੁਸ਼ਤੀ ਜਮੀਨਾਂ ’ਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ ਕਰਨ ਲਈ ਰਾਹ ਪੱਧਰਾ ਕਰਨਗੇ ਅਤੇ ਖੇਤ ਮਜਦੂਰਾਂ ਦੇ ਰੁਜਗਾਰ ਦੀ ਤਬਾਹੀ ਹੋਵੇਗੀ।
ਉਹਨਾ ਕਿਹਾ ਕਿ ਇੰਨਾਂ ਕਾਨੂੰਨਾਂ ਕਾਰਨ ਸ਼ਹਿਰਾਂ ਨਾਲ ਸਬੰਧਤ ਛੋਟੇ ਕਾਰੋਬਾਰੀਆਂ, ਰੇਹੜੀ ਫੜੀ ਵਾਲਿਆਂ ,ਪੱਲੇਦਾਰਾਂ,ਉਸਾਰੀ ਮਜਦੂਰਾਂ, ਸਨਅਤੀ ਕਾਮਿਆਂ ਸਮੇਤ ਸਾਰੇ ਕਮਾਊ ਲੋਕਾਂ ਦੇ ਰੁਜਗਾਰਾਂ ਦਾ ਵੀ ਖਾਤਮਾ ਹੋਵੇਗਾ। ਉਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਖੋਹਲੇ ਸ਼ਾਪਿੰਗ ਮਾਲ ਪਹਿਲਾਂ ਹੀ ਛੋਟੀਆਂ ਦੁਕਾਨਦਾਰੀਆਂ ਨੂੰ ਖਤਮ ਕਰ ਕਰ ਰਹੇ ਹਨ ਪਰ ਨੇਵੇਂ ਕਾਨੂੰਨ ਲਾਗੂ ਹੋਣ ਨਾਲ ਤਾਂ ਰਹਿੰਦੀ ਕਸਰ ਵੀ ਨਿੱਕਲ ਜਾਏਗੀ। ਉਨਾਂ ਆਖਿਆ ਕਿ ਇਸ ਕਰਕੇ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਲੜਨਾ ਸਾਰਿਆਂ ਵਰਗਾਂ ਦੀ ਜਿੰਮੇਵਾਰੀ ਹੈ। ਇਸ ਮੌਕੇ ਸਰਬਸੰਮਤੀ ਨਾਲ ਜੋਰਾ ਸਿੰਘ ਨਸਰਾਲੀ ਨੂੰ ਸਹਾਇਤਾ ਕਮੇਟੀ ਦਾ ਕਨਵੀਨਰ ਬਣਾਇਆ ਗਿਆ । ਮੀਟਿੰਗ ਦੌਰਾਨ ਹਾਜਰ ਲੋਕਾਂ ਨੇ ਫੈਸਲਾ ਕੀਤਾ ਕਿ 25 ਅਕਤੂਬਰ ਨੂੰ ਰਾਮਪੁਰਾ ’ਚ ਦੁਸ਼ਿਹਰੇ ਮੌਕੇ ਮੋਦੀ , ਅਡਾਨੀ- ਅੰਬਾਨੀ ਅਤੇ ਕੰਪਨੀਆਂ ਦੇ ਸਾੜੇ ਜਾ ਰਹੇ ਪੁਤਲਿਆਂ ਦੇ ਪ੍ਰੋਗਰਾਮ ’ਚ ਪੂਰੀ ਇੱਕਜੁਟਤਾ ਨਾਲ ਸ਼ਾਮਲ ਹੋਇਆ ਜਾਵੇਗਾ । ਅੱਜ ਦੀ ਮੀਟਿੰਗ ਵਿੱਚ ਗੁਲਾਬ ਸਿੰਘ,ਸੁਖਵਿੰਦਰ ਸਿੰਘ ,ਚਰਨਦਾਸ, ਛਿੰਦਰਪਾਲ ਸ਼ਰਮਾ,ਹਰਭਜਨ ਸਿੰਘ ਸੇਲਬਰਾਹ,ਮੇਘ ਰਾਜ ਫੌਜੀ, ਗਗਨ ਗਰੋਵਰ,ਅਲਬੇਲ ਸਿੰਘ,ਜੋਗਿੰਦਰ ਸਿੰਘ ਤੇ ਦਰਸ਼ਨ ਸਿੰਘ ਆਦਿ ਆਗੂ ਹਾਜਰ ਸਨ।