ਅਸ਼ੋਕ ਵਰਮਾ
ਮੰਡੀ ਕਿੱਲਿਆਂ ਵਾਲੀ, 25 ਅਕਤੂਬਰ 2020 - ਅੱਜ ਦੁਸਹਿਰੇ ਵਾਲੇ ਦਿਨ ਤਿਉਹਾਰ ਤੇ ਸੰਘਰਸ਼ ਦਾ ਰੋਹਲਾ ਰੰਗ ਵੇਖਣ ਨੂੰ ਮਿਲਿਆ ਜਦ ਕਿੱਲਿਆਂ ਵਾਲੀ ਦੀ ਦਾਣਾ ਮੰਡੀ ਵਿੱਚ ਲੰਬੀ ਬਲਾਕ ਦੇ ਨਾਲ ਨਾਲ ਹਰਿਆਣਾ ਤੇ ਰਾਜਸਥਾਨ ਦੇ ਪਿੰਡਾਂ ਚੋਂ ਵਹੀਰਾਂ ਘੱਤ ਕੇ ਆਏ ਕਿਸਾਨਾਂ, ਮਜ਼ਦੂਰਾਂ, ਬਿਜਲੀ ਕਾਮਿਆਂ, ਦੁਕਾਨਦਾਰਾਂ ਸਮੇਤ ਸਭਨਾਂ ਵਰਗਾਂ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਕਾਰਪੋਰੇਟਾਂ, ਸਾਮਰਾਜੀਆਂ ਤੇ ਨਰਿੰਦਰ ਮੋਦੀ ਦੀ ਤਿੱਕੜੀ ਦੇ ਦਿਓ ਕੱਦ ਪੁਤਲੇ ਫੂਕਣ ਤੋਂ ਪਹਿਲਾਂ ਵਿਸ਼ਾਲ ਰੋਸ ਰੈਲੀ ਵਿੱਚ ਸ਼ਮੂਲੀਅਤ ਕੀਤੀ। ਰੈਲੀ ਦੇ ਮੰਚ ਤੋਂ ਪੇਸ਼ ਕੀਤੇ ਗਏ ਨਾਟਕਾਂ, ਗੀਤਾਂ, ਕਵਿਤਾਵਾਂ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਤੇ ਪਾਸ਼ ਦੇ ਗੂੰਜਦੇ ਬੋਲਾਂ ਨੇ ਜਾਗਣ, ਉੱਠਣ ਦੀਆਂ ਬਾਤਾਂ ਪਾਈਆਂ।
ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਖੇਤੀ ਬਿੱਲ ਪਾਸ ਕਰਕੇ ਕਿਸਾਨਾਂ ਦੀ ਖੂਨ ਪਸੀਨੇ ਦੀ ਕਿਰਤ ਨੂੰ ਅੰਡਾਨੀ,ਅੰਬਾਨੀ ਜਿਹੇ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖਣਾ ਚਾਹੁੰਦੀ ਹੈ, ਜਿਸ ਨੂੰ ਪੰਜਾਬ ਦੇ ਜੁਝਾਰੂ ਕਿਸਾਨ ਹਰਗਿਜ ਪ੍ਰਵਾਨ ਨਹੀਂ ਕਰਨਗੇ। ਉਹਨਾਂ ਆਖਿਆ ਤਾਨਾਸ਼ਾਹ, ਫਾਸ਼ੀਵਾਦੀ ਮੋਦੀ ਹਕੂਮਤ ਨੂੰ ਤਿੱਖੇ, ਲੰਬੇ ਘੋਲਾਂ ਨਾਲ ਇਹਨਾਂ ਲੋਕ ਵਿਰੋਧੀ ਫੈਸਲਿਆਂ ਦਾ ਜੁਆਬ ਦਿੱਤਾ ਜਾਵੇਗਾ। ਇਸ ਮੌਕੇ ਬੋਲਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਦਿਨੋ ਦਿਨ ਮਘ ਰਹੇ ਸੰਘਰਸ਼ ਨੂੰ ਕਦੇ ਵਿਰੋਧੀ ਸਿਆਸੀ ਪਾਰਟੀਆਂ ਤੇ ਕਦੇ ਵਿਚੋਲਿਆਂ ਦਾ ਸੰਘਰਸ਼ ਵਰਗੇ ਘਟੀਆ,ਹੋਛੇ ਤੇ ਗੈਰ ਵਿਗਿਆਨਕ ਕਰਾਰ ਬਿਆਨ ਦੇਕੇ ‘ ਕਬੂਤਰ ਵਾਂਗ ਬਿੱਲੀ ਆਉਣ ਤੇ ਅੱਖਾਂ ਮੀਟ’ ਰਹੇ ਹਨ ਜਦੋਂਕਿ ਉਹਨਾਂ ਨੂੰ ਕਿਸਾਨ ਸੰਘਰਸ਼ ਦਾ ਸ਼ੀਸ਼ਾ ਦੇਖਣਾ ਚਾਹੀਦਾ ਹੈ।
ਰੋਸ ਰੈਲੀ ਵਿਚ ਬੋਲਦਿਆਂ ਅਨਮੋਲ ਸਿੰਘ ਦੇਸੂ ਯੋਧਾ,ਕੁਲਵਿੰਦਰ ਸਿੰਘ ਸੰਤਪੁਰਾ,ਜਸਵੀਰ ਭਾਟੀ ਤੇ ਗੁਰਪਾਸ਼ ਸਿੰਘ ਸਿੰਘਵਾਲਾ ਨੇ ਆਖਿਆ ਕਿ ਮੋਦੀ ਹਕੂਮਤ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੀ ਮੌਤ ਤਾਂ ਹਨ ਹੀ ਬਲਕਿ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਰਾਹੀਂ ਪੇਂਡੂ ਤੇ ਸ਼ਹਿਰੀ ਗਰੀਬਾਂ ਨੂੰ ਭੁੱਖਮਰੀ, ਕੰਗਾਲੀ ਦੇ ਮੂੰਹ ਚ ਤੁੰਨਣ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰੀ ਹਕੂਮਤ ਦਾ ਠੇਕਾ ਖੇਤੀ ਕਾਨੂੰਨ ਜਿੱਥੇ ਕਿਸਾਨਾਂ ਨੂੰ ਖੇਤਾਂ ਚੋਂ ਬਾਹਰ ਕੱਢੇਗਾ ਉਥੇ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਖੇਤਾਂ ਤੇ ਕਾਬਜ ਹੋਣ ਦੇ ਨਵੇਂ ਰਾਹ ਖੋਲੇਗਾ। ਰੋਸ ਰੈਲੀ ਨੂੰ ਡਾ. ਮਨਜਿੰਦਰ ਪੱਪੀ, ਭੁਪਿੰਦਰ ਸਿੰਘ ਚਨੂੰ, ਕੁਲਦੀਪ ਖੁੱਡੀਆਂ, ਗੁਰਦੀਪ ਕਾਮਰਾ, ਜਗਤਾਰ ਸਿੰਘ ਸਿੰਘੇਵਾਲਾ, ਮਹਿੰਦਰ ਸਿੰਘ ਖੁੱਡੀਆਂ, ਕਿ੍ਰਸ਼ਨਾ ਰਾਣੀ, ਕੁਲਵੰਤ ਰਾਏ ਸ਼ਰਮਾ, ਜਗਦੀਪ ਖੁੱਡੀਆਂ, ਸੁਖਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ ਜਦੋਂਕਿ ਪੰਜਾਬ ਖੇਤ ਮਜਦੂਰ ਯੂਨੀਅਨ,ਟੀ.ਐੱਸ.ਯੂ. ਠੇਕਾ ਮੁਲਾਜਮਾਂ, ਡੀ.ਟੀ.ਐਫ, ਤਰਕਸ਼ੀਲ ਸੁਸਾਇਟੀ,ਵਪਾਰ ਮੰਡਲ ,ਆੜ੍ਹਤੀਆ ਐਸੋਸੀਏਸ਼ਨ,ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦੇ ਵਰਕਰ ਤੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਕਲਾ ਵੱਲੋਂ ਸੰਘਰਸ਼ ਨੂੰ ਸਲਾਮ:
ਵਿਸ਼ਾਲ ਇਕੱਠ ਸਾਹਮਣੇ ਨਾਟਿਅਮ ਜੈਤੋ ਵੱਲੋਂ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਦਾ ਲਿਖਿਆ ਨਾਟਕ ਮਦਾਰੀ ਪੇਸ਼ਕਾਰੀ ਰਾਹੀਂ ਮੋਦੀ ਸਰਕਾਰ ਦੀ ਲੋਕ ਵਿਰੋਧੀ ਖਸਲਤ ਨੂੰ ਬਾਖੂਬੀ ਉਘਾੜਿਆ ਅਤੇ ਕਲਾ ਰਾਹੀਂ ਸੰਘਰਸ਼ ਨੂੰ ਸਲਾਮ ਪੇਸ਼ ਕੀਤੀ। ਨਾਟਕ ਟੀਮ ਵੱਲੋਂ ਮੰਚ ਤੋਂ ਪੇਸ਼ ਕੀਤੇ ਗਏ ਐਕਸ਼ਨ ਗੀਤ ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ ,ਨੇ ਮੋਦੀ ਹਕੂਮਤ ਦਾ ਪੁਤਲਾ ਫੂਕਣ ਲਈ ਜੁੜੇ ਹਜਾਰਾਂ ਲੋਕਾਂ ਵਿੱਚ ਨਵਾਂ ਜੋਸ਼ ਭਰਿਆ। ਅੰਤ ’ਚ ਮੋਦੀ ਸਰਕਾਰ ਤੇ ਉਸਦੇ ਭਾਈਵਾਲ ਕਾਰਪੋਰੇਟ ਘਰਾਣਿਆਂ ਦੇ ਵਿਸ਼ਾਲ ਪੁਤਲੇ ਨੂੰ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਅੱਗ ਦੇ ਹਵਾਲੇ ਕੀਤਾ ਗਿਆ।