ਅਸ਼ੋਕ ਵਰਮਾ
ਬਠਿੰਡਾ, 23 ਅਕਤੂਬਰ 2020 - ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਤੇਜ਼ ਤੇ ਵਿਸ਼ਾਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ 14 ਜ਼ਿਲ੍ਹਿਆਂ ’ਚ 41 ਸ਼ਹਿਰਾਂ ਤੇ ਕਸਬਿਆਂ ’ਚ ਪੇਂਡੂ ਤੇ ਸ਼ਹਿਰੀ ਜਨਤਾਂ ਵੱਲੋਂ ਮਿਲਕੇ ਬਦੀ ਦੀ ਮੂਰਤ ਬਣੇ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਤੇ ਬੀ.ਜੇ.ਪੀ. ਦੀ ਤਿੱਕੜੀ ਦੇ ਦਿਓ ਕੱਦ ਬੁੱਤਾਂ ਨੂੰ ਸਾੜ ਕੇ ਰੋਹ ਭਰਪੂਰ ਪ੍ਰਦਰਸ਼ਨ ਕਰਨ ਸਮੇਂ ਲੱਖਾਂ ਮਰਦ ਔਰਤਾਂ ਦੇ ਸ਼ਮੂਲੀਅਤ ਕਰਨ ਦਾ ਦਾਅਵਾ ਕੀਤਾ ਹੈ, ਜਿਹਨਾਂ ਵਿੱਚ ਔਰਤਾਂ ਤੇ ਨੌਜਵਾਨਾਂ ਦੀ ਉੱਭਰਵੀਂ ਸ਼ਮੂਲੀਅਤ ਹੋਵੇਗੀ।
ਅੱਜ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਲੀ ਕਲਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਬਠਿੰਡਾ ਦੇ 8, ਸੰਗਰੂਰ 9, ਮਾਨਸਾ 3, ਮੋਗਾ 4, ਬਰਨਾਲਾ 2, ਪਟਿਆਲਾ 3, ਅੰਮਿ੍ਰਤਸਰ 3, ਮੁਕਤਸਰ ਸਾਹਿਬ 2, ਫਰੀਦਕੋਟ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਜ਼ਿਲਿਆਂ ਦੇ 1-1 ਸ਼ਹਿਰੀ ਕੇਂਦਰਾਂ ਵਿੱਚ ਦੁਸਹਿਰੇ ਦੇ ਮੌਕੇ ਇਹ ਪ੍ਰਦਰਸ਼ਨ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਸੂਬਾ ਹੈੱਡਕੁਆਟਰ ’ਤੇ ਪੁੱਜੀਆਂ ਰਿਪੋਰਟਾਂ ਮੁਤਾਬਕ ਇਹਨਾਂ ਪ੍ਰਦਰਸ਼ਨਾਂ ਲਈ ਪੇਂਡੂ ਜਨਤਾਂ ਤੋਂ ਇਲਾਵਾ ਸ਼ਹਿਰੀ ਜਨਤਾ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪੇਂਡੂਆਂ ਤੇ ਸ਼ਹਿਰੀਆਂ ਦੀ ਵਿਸ਼ਾਲ ਗਿਣਤੀ ਵਾਲੇ ਇਹ ਪ੍ਰਦਰਸ਼ਨ ਮੋਦੀ ਸਰਕਾਰ ਦੀਆਂ ਕਿਸਾਨ ਤੇ ਲੋਕ ਮਾਰੂ ਨੀਤੀਆਂ ’ਤੇ ਕਰਾਰੀ ਚੋਟ ਸਾਬਤ ਹੋਣਗੇ। ਕਿਸਾਨ ਆਗੂਆਂ ਨੇ ਆਖਿਆ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਹਿਯੋਗ ਦੀ ਬਦੌਲਤ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਸ਼ਹਿਰੀ ਗਰੀਬਾਂ, ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ਵੱਲੋਂ ਮੰਡੀ ਕਿਲਿਆਂਵਾਲੀ (ਡੱਬਵਾਲੀ) ’ਚ ਬੁੱਤ ਸਾੜ ਕੇ ਕੀਤਾ ਜਾਣ ਵਾਲਾ ਪ੍ਰਦਰਸ਼ਨ ਵਿਸ਼ਾਲ ਏਕਤਾ ਤੇ ਅੰਤਰਰਾਜੀ ਸੰਘਰਸ਼ੀ ਸਾਂਝ ਦਾ ਵਿੱਲਖਣ ਨਮੂਨਾ ਸਾਬਤ ਹੋਵੇਗਾ। ਉਹਨਾਂ ਦੱਸਿਆ ਕਿ 1 ਅਕਤੂਬਰ ਤੋਂ ਰਿੰਲਾਇਸ਼ ਤੇ ਐਸਾਰ ਕੰਪਨੀਆਂ ਦੇ ਪ੍ਰੈਟਰੋਲ ਪੰਪਾਂ ਅੱਗੇ ਚੱਲ ਰਹੇ ਧਰਨਿਆਂ ਕਾਰਨ ਪੰਪ ਡੀਲਰਾਂ ਵੱਲੋਂ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਜਥੇਬੰਦੀ ਕੋਲ ਭੇਜੇ ਪੱਤਰ ਉੱਪਰ ਵਿਚਾਰ ਕਰਨ ਲਈ ਕਿਸਾਨ ਆਗੂਆ ਨੇ 24 ਅਕਤੂਬਰ ਨੂੰ ਸਵੇਰੇ 10 ਵਜੇ ਇਹਨਾਂ ਡੀਲਰਾਂ ਨਾਲ ਮੀਟਿੰਗ ਕਰਨ ਦਾ ਵੀ ਐਲਾਨ ਕੀਤਾ।
ਉਹਨਾਂ ਦੱਸਿਆ ਕਿ 5 ਨਵੰਬਰ ਨੂੰ ਮੁਲਕ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਵੀ ਉਹ ਆਪਣੇ ਅਜ਼ਾਦ ਐਕਸ਼ਨ ਰਾਹੀਂ ਸਫ਼ਲ ਬਨਾਉਣ ’ਚ ਹਿੱਸਾ ਪਾਉਣਗੇ ਪਰ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਇਸ ਐਕਸ਼ਨ ਦਾ ਬਿਹਾਰ ਦੀਆਂ ਚੋਣਾਂ ਨਾਲ ਕੋਈ ਵੀ ਸੰਬੰਧ ਨਹੀਂ ਹੈ। ਇਸ ਮੌਕੇ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ’ਚ ਮਜ਼ਦੂਰਾਂ ਤੇ ਹੋਰ ਸ਼ਹਿਰੀ ਹਿੱਸਿਆ ਦੀ ਵੱਡੀ ਸ਼ਮੂਲੀਅਤ ਕਰਾਉਣ ਲਈ ਵੱਖ-ਵੱਖ ਥਾਂ ’ਤੇ ਵੱਖ-ਵੱਖ ਵਰਗਾਂ ਦੇ ਆਧਾਰਤ ਸਮਰਥਨ ਕਮੇਟੀਆਂ ਜਥੇਬੰਦ ਕਰਨ ਵਾਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੀ ਮੌਜੂਦ ਸਨ ਜਿਹਨਾਂ ਦੱਸਿਆ ਕਿ ਇਸ ਸਬੰਧੀ ਵੱਡੀ ਪੱਧਰ ਤੇ ਲਾਮਬੰਦੀ ਚੱਲ ਰਹੀ ਹੈ ਜਿਸ ਨੂੰ ਮੀਟਿੰਗਾਂ ਦੌਰਾਨ ਭਰਵਾਂ ਹੰਗਾਰਾ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਹੁਣ ਤਾਂ ਸ਼ਹਿਰੀ ਲੋਕਾਂ ਤੋਂ ਇਲਾਵਾ ਹੋਰ ਵੀ ਵਰਗਾਂ ਨੇ ਮਹਿਸੂਸ ਕਰ ਲਿਆ ਹੈ ਕਿ ਜੇ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਸਿਰਫ ਖੇਤੀ ਹੀ ਤਬਾਹ ਨਹੀਂ ਹੋਵੇਗੀ ਬਲਕਿ ਹੋਰ ਵੀ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਣਗੇ।