ਅਸ਼ੋਕ ਵਰਮਾ
ਮਾਨਸਾ, 30 ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਅੱਜ ਵੀ ਧਰਨੇ ’ਚ ਮਾਤਾ ਤੇਜ ਕੌਰ ਦੀ ਹੋਈ ਮੌਤ ਨੂੰ ਲੈਕੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਜਿੰਦਾਬਾਦ ਮੁਰਦਾਬਾਦ ਜਾਰੀ ਰੱਖੀ। ਜੱਥੇਬੰਦੀ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦੇ ਮੁੱਖ ਗੇਟ ਦੇ ਕੀਤੇ ਘਿਰਾਓ ਨੂੰ ਅੱਜ 18 ਦਿਨ ਬੀਤ ਗਏ ਹਨ, ਉਸੇ ਹੀ ਦਿਨ ਤੋਂ ਡੀਸੀ ਨੇ ਆਪਣੇ ਦਫ਼ਤਰ ਵਿੱਚ ਪੈਰ ਨਹੀਂ ਰੱਖਿਆ। ਜਦੋਂ 4 ਦਿਨ ਤੱਕ ਡੀ.ਸੀ. ਮਾਨਸਾ ਆਪਣੇ ਦਫ਼ਤਰ ਨਾਂ ਆਏ ਤਾਂ ਜਥੇਬੰਦੀ ਨੇ ਦਫ਼ਤਰ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਦਰੀਆ ਵਿਛਾ ਕੇ ਧਰਨਾ ਸ਼ੁਰੂ ਕਰ ਦਿਤਾ ਸੀ ਜੋ ਅੱਜ ਤੱਕ ਜਾਰੀ ਹੈ। ਜ਼ਿਕਰਯੋਗ ਹੈ ਕਿ ਜਥੇਬੰਦੀ ਵੱਲੋਂ ਇਹ ਸੰਘਰਸ਼ ਮਾਤਾ ਤੇਜ ਕੌਰ ਨਾਲ ਸਬੰਧਤ ਮੰਗਾਂ ਮਨਾਉਣ ਲਈ ਕੀਤਾ ਹੋਇਆ ਹੈ ਜੋ ਕਿ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ 1 ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ।
ਬੀ.ਕੇ.ਯੂ. ਉਗਰਾਹਾਂ ਨੇ ਬੁਢਲਾਡਾ ਵਿੱਚ ਰੇਲਵੇ ਲਾਇਨਾਂ ਤੇ ਧਰਨਾ ਦਿਨ-ਰਾਤ ਦਾ ਸ਼ੁਰੂ ਕੀਤਾ ਸੀ ਜਿਸ ਵਿੱਚ ਬਰੇ ਪਿੰਡ ਦੀ 80 ਸਾਲ ਦੀ ਮਾਤਾ ਤੇਜ ਕੌਰ ਆਪਣੇ ਪਰਿਵਾਰ ਸਮੇਤ ਪਿੰਡ ਵਾਸੀਆਂ ਦੇ ਨਾਲ ਹਰ ਰੋਜ਼ ਸ਼ਾਮਲ ਹੁੰਦੀ ਸੀ, ਪਰ 9 ਅਕਤੂਬਰ ਨੂੰ ਜਦ ਕਾਫਲੇ ਦੇ ਰੂਪ ਵਿੱਚ ਨਾਅਰੇ ਮਾਰਦੀ ਪੰਡਾਲ ਵਿੱਚ ਪਹੁੰਚ ਰਹੀ ਸੀ ਤਾਂ ਅਚਾਨਕ ਪੈਰ ਤਿਲਕਣ ਕਾਰਨ ਡਿੱਗ ਪਈ ਸੀ ਉਸ ਦਾ ਸਿਰ ਰੇਲਵੇ ਲਾਇਨ ਤੇ ਵੱਜਣ ਕਾਰਨ ਤੁਰੰਤ ਮੌਤ ਹੋ ਗਈ ਸੀ ਜਿਸ ਦਾ ਮਿ੍ਰਤਕ ਸਰੀਰ ਪਿਛਲੇ 22 ਦਿਨਾਂ ਤੋਂ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਹੋਇਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਥੇਬੰਦੀ ਉਸੇ ਦਿਨ ਤੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰ ਰਹੀ ਹੈ।
ਉਹਨਾਂ ਆਖਿਆ ਕਿ ਮਾਤਾ ਤੇ ਕੌਰ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ, ਸਮੁੱਚਾ ਕਰਜਾ ਖਤਮ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਪਰ ਪੰਜਾਬ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ। ਉਹਨਾਂ ਆਖਿਆ ਕਿ ਇਸੇ ਕਾਰਨ ਜਥੇਬੰਦੀ ਨੂੰ ਡੀ.ਸੀ. ਮਾਨਸਾ ਦਾ ਦਫ਼ਤਰ ਅਤੇ ਸਰਕਾਰੀ ਰਿਹਾਇਸ਼ ਘੇਰਨੀ ਪੈ ਰਹੀ ਹੈ। ਉਨਾਂ ਕਿਹਾ ਕਿ ਮੰਗ ਮੰਨਣ ਤੱਕ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਜਗਦੇਵ ਸਿੰਘ ਭੈਣੀ ਬਾਘਾ, ਹਰਿੰਦਰ ਸਿੰਘ ਟੋਨੀ, ਮੇਜਰ ਸਿੰਘ ਅਕਲੀਆ, ਭੋਲਾ ਸਿੰਘ ਮਾਖਾ ਅਤੇ ਜਗਸੀਰ ਸਿੰਘ ਕਾਲਾ ਜਵਾਹਰਕੇ ਨੇ ਸੰਬੋਧਨ ਕੀਤਾ।