ਅਸ਼ੋਕ ਵਰਮਾ
ਮਾਨਸਾ, 11 ਨਵੰਬਰ 2020 - ਖੇਤੀ ਕਾਨੂੰਨਾਂ ਖਿਲਾਫ ਰੇਲ ਪਟੜੀਆਂ ਤੇ ਲੱਗੇ ਧਰਨੇ ਦੌਰਾਨ ਹੋਈ ਮਾਤਾ ਤੇਜ ਕੌਰ ਦੀ ਮੌਤ ਸਬੰਧੀ ਸਮਝੌਤੇ ਮੁਤਾਬਕ ਮੁਆਵਜ਼ੇ ਦਾ ਬਾਕੀ ਹਿੱਸਾ ਨਾ ਦਿੱਤੇ ਜਾਣ ਤੋਂ ਭੜਕੇ ਕਿਸਾਨਾਂ ਨੇ ਅੱਜ ਮਾਨਸਾ ਪੁਲਿਸ ਦੇ ਛੱਕੇ ਛੁਡਾ ਦਿੱਤੇ। ਮਾਨਸਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਬਾਕੀ ਰਹਿੰਦਾ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਸੀ ਪਰ ਅਫਸਰਾਂ ਨੇ ਪਾਸਾ ਵੱਟ ਲਿਆ ਤਾਂ ਕਿਸਾਨ ਰੋਹ ’ਚ ਆ ਗਏ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਕਿਸਾਨਾਂ ਦੇ ਵੱਡੇ ਇਕੱਠ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨੇ ਦਾ ਐਲਾਨ ਕਰ ਦਿੱਤਾ ਜਿਸ ਨੂੰ ਦੇਖਦਿਆਂ ਚਾਰ ਚੁਫੇਰੇ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਕਰ ਦਿੱਤੀ ਗਈ। ਕਿਸਾਨ ਆਗੂ ਜੋਗਿੰਦਰ ਸਿੰਘ ਦਿਆਲਪੁਰਾ,ਭਾਨ ਸਿੰਘ ਬਰਨਾਲਾ ਅਤੇ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਦੇ ਆ ਰਹੇ ਕਿਸਾਨਾਂ ਨੂੰ ਪੁਲਿਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਤੇ ਰੋਕ ਲਿਆ। ਇਸ ਮੌਕੇ ਕਿਸਾਨਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਦੌਰਾਨ ਦੋਵਾਂ ਧਿਰਾਂ ’ਚ ਧੱਕਾ ਮੁੱਕੀ ਵੀ ਹੋਈ।
ਕਾਫੀ ਜੋਰ ਅਜਮਾਈ ਤੋਂ ਬਾਅਦ ਕਿਸਾਨੀ ਰੋਹ ਅੱਗੇ ਬੇਵੱਸ ਹੋਈ ਨਫਰੀ ਨੂੰ ਪਾਸੇ ਧੱਕ ਕੇ ਕਿਸਾਨਾਂ ਨੇ ਡੀਸੀ ਦਫਤਰ ਵੱਲ ਚਾਲੇ ਪਾ ਦਿੱਤੇ। ਇਸ ਮੌਕੇ ਹੱਥਾਂ ’ਚ ਝੰਡੇ ਫੜੀ ਕਿਸਾਨਾਂ ਨੇ ਪੁਲੀਸ ਦੀ ਮੋਰਚਾਬੰਦੀ ਫੇਲ ਕਰਕੇ ਮੁਲਾਜ਼ਮਾਂ ਨੂੰ ਲੰਮਾਂ ਸਮਾਂ ਮੂਹਰੇ ਲਾਈ ਰੱਖਿਆ। ਸਾਹੋ ਸਾਹੀ ਹੋਏ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਤੋਂ ਪਹਿਲਾਂ ਬੈਰੀਕੇਡ ਲਾ ਕੇ ਰੋਕ ਲਿਆ। ਵੱਡੀ ਗੱਲ ਹੈ ਕਿ ਮਾਨਸਾ ਪੁਲੀਸ ਅੱਜ ਭਾਵੇਂ ਇਹ ਮੋਰਚਾ ਅਸਫਲ ਬਣਾਉਣ ਵਿੱਚ ਤਾਂ ਸਫਲ ਰਹੀ, ਪਰ ਕਿਸਾਨਾਂ ਨੂੰ ਸਰਕਾਰੀ ਦਫਤਰਾਂ ਦੀਆਂ ਜੂਹਾਂ ਤੱਕ ਸੀਮਿਤ ਰੱਖਣ ਦੀ ਇਸ ਦੀ ਨੀਤੀ ਪੂਰੀ ਤਰ੍ਹਾਂ ਫੇਲ੍ਹ ਰਹੀ। ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਵਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ। ਅਫਸਰਾਂ ਨੇ ਹਰ ਹੀਲੇ ਇਹ ਧਰਨਾ ਅਸਫਲ ਬਣਾਉਣ ਵਾਸਤੇ ਪੁਲੀਸ ਨੂੰ ਹਦਾਇਤ ਕੀਤੀ ਹੋਈ ਸੀ ਪਰ ਕਿਸਾਨੀ ਰੋਹ ਅੱਗੇ ਪੁਲਿਸ ਬੇਵੱਸ ਦਿਖਾਈ ਦਿੱਤੀ।
ਕਿਸਾਨ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ ਜਿਸ ਕਰਕੇ ਅੱਜ ਸੰਕੇਤਕ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹ ਤਾਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੇ ਰੌਂਅ ’ਚ ਸਨ ਪਰ ਅਧਿਕਾਰੀਆਂ ਦੀਆਂ ਬੇਤੁਕੀਆਂ ਦਲੀਲਾਂ ਨੇ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਹੈ। ਕਿਸਾਨ ਆਗੂ ਭਾਨ ਸਿੰਘ ਬਰਨਾਲਾ ਦਾ ਕਹਿਣਾ ਸੀ ਕਿ ਪੁਲੀਸ ਦੀ ਐਡੀ ਦਹਿਸ਼ਤ ਦੇ ਬਾਵਜੂਦ ਕਿਸਾਨਾਂ ਨੇ ਸੜਕਾਂ ਤੇ ਨਿਕਲ ਕੇ ਵਿਰੋਧ ਦਰਜ ਕਰਾਇਆ ਹੈ ਜੋ ਧਰਨੇ ਤੋਂ ਘੱਟ ਨਹੀਂ ਹੈ। ਉਹਨਾਂ ਆਖਿਆ ਸ਼ਹੀਦ ਮਾਤਾ ਤੇਜ ਕੌਰ ਨਾਲ ਸਬੰਧਤ ਮੁਆਵਜੇ ਨੂੰ ਲੈ ਕੇ ਹੀ ਉਹਨਾਂ ਦਾ ਸਿਰਫ਼ ਸ਼ਾਂਤਮਈ ਧਰਨਾ ਦੇਣ ਦਾ ਪ੍ਰੋਗਰਾਮ ਸੀ ਪਰ ਪੁਲੀਸ ਨੇ ਦਹਿਸ਼ਤ ਪਾ ਕੇ ਜਮਹੂਰੀ ਹੱਕ ‘ਤੇ ਡਾਕਾ ਮਾਰਿਆ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਭਾਵੇਂ ਉਹਨਾਂ ਨੂੰ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ ਪਰ ਜੇ ਪ੍ਰਸ਼ਾਸ਼ਨ ਵਾਅਦੇ ਤੋਂ ਪਲਟਿਆ ਤਾਂ ਉਹ ਫਿਰ ਤੋਂ ਮੋਰਚਾ ਲਾਉਣਗੇ।
ਐਸਐਸਪੀ ਨੇ ਫੋਨ ਕੱਟ ਦਿੱਤਾ
ਓਧਰ ਪੁਲਿਸ ਪ੍ਰਸ਼ਾਸ਼ਨ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਸੀਨੀਅਰ ਪੁਲਿਸ ਕਪਤਾਨ ਮਾਨਸਾ ਸੁਰੇਂਦਰ ਲਾਂਬਾ ਨੇ ਫੋਨ ਕੱਟ ਦਿੱਤਾ। ਗੌਰਤਲਬ ਹੈ ਕਿ ਧਰਨੇ ’ਚ ਮਾਤਾ ਤੇਜ ਕੌਰ ਦੀ ਮੌਤ ਦਾ ਮੁਆਵਜਾ ਦਿਵਾਉਣ ਲਈ ਕਿਸਾਨਾਂ ਨੇ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਸੀ। ਜਦੋਂ ਮਸਲਾ ਨਾਂ ਸਲਝਿਆ ਤਾਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੀ ਕੋਠੀ ਘੇਰ ਲਈਅਤੇ ਪ੍ਰਸ਼ਾਸ਼ਨ ਨਾਲ ਸਮਝੌਤਾ ਹੋ ਗਿਆ। ਇਸਸਹਿਮਤੀ ਮੁਤਾਬਕ ਪੰਜ ਲੱਖ ਰੁਪਿਆ ਤੁਰੰਤ ਦਿੱਤਾ ਗਿਆ ਜਦੋਂ ਕਿ ਬਾਕੀ ਪੰਜ ਲੱਖ ਭੋਗ ਸਮਾਗਮ ਤੇ ਦੇਣੇ ਸਨ ਜੋ ਨਹੀਂ ਦਿੱਤੇ ਗਏ ਹਨ।