ਅੰਮ੍ਰਿਤਸਰ, 23 ਸਤੰਬਰ 2020 - ਆਖ਼ਰਕਾਰ ਨਵਜੋਤ ਸਿੱਧੂ ਵੀ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਲਈ ਸੜਕਾਂ 'ਤੇ ਉਤਰ ਹੀ ਆਏ। ਸਿੱਧੂ ਵੱਲੋਂ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਆਪਣੇ ਸਮਰਥਕਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸਰਕਾਰ ਵੱਲੋਂ ਨਾ ਹੋ ਕੇ, ਸਿੱਧੂ ਦਾ ਆਪਣਾ ਨਿੱਜੀ ਪ੍ਰਦਰਸ਼ਨ ਹੀ ਮੰਨਿਆ ਜਾ ਸਕਦਾ ਹੈ, ਕਿਉਂਕਿ ਇਸ 'ਚ ਉਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਹੋਰ ਲੀਡਰ ਜਾਂ ਝੰਡਾ ਵੀ ਦਿਖਾਈ ਨਹੀਂ ਦਿੱਤਾ।
ਸਿੱਧੂ ਜਦੋਂ ਮੀਡੀਆ ਨਾਲ ਗੱਲ ਕਰ ਰਹੇ ਸੀ ਤਾਂ, ਉਨ੍ਹਾਂ ਦਾ ਆਪਣੀ ਸਰਕਾਰ ਨਾਲ ਨਰਾਜ਼ਗੀ ਦਾ ਅਹਿਸਾਸ ਸਾਫ ਝਲਕ ਰਿਹਾ ਸੀ। ਜਿਥੇ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੱਲਾਂ ਭਾਵ 'ਸੌਲਿਊਸ਼ਨਜ਼' ਵਾਲੀ ਰਾਜਨੀਤੀ ਕਰਦੇ ਹਨ। ਇਹ ਕਹਿੰਦਿਆਂ ਸਿੱਧੂ ਨੇ ਸਰਕਾਰ 'ਚ ਅਹੁਦੇ 'ਤੇ ਹੋਣ ਸਮੇਂ ਚੁੱਕੇ ਮਸਲਿਆਂ (ਕੇਬਲ ਮਾਫੀਆ, ਰੇਤ ਮਾਫੀਆ, ਆਦਿ) ਬਾਰੇ ਜ਼ਿਕਰ ਕੀਤਾ।
ਸਿੱਧੂ ਨੇ ਕਿਹਾ ਕਿ ਉਹ ਏਸ ਬਿਲ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਸਿੱਧੂ ਨੇ ਇਹ ਵੀ ਕਿਹਾ ਕਿ ਸਾਰੇ ਚੁਣੇ ਨੁਮਾਇੰਦਿਆਂ 'ਚੋਂ 99 ਪ੍ਰਤੀਸ਼ਤ ਏਸ ਬਿਲ ਦੇ ਖਿਲਾਫ ਹਨ।
ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਦੁਆਰਾ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। ਪਰ ਉਨ੍ਹਾਂ ਵੱਲੋਂ ਆਪਣੇ ਯੂਟਿਊਬ ਚੈਨਲ 'ਤੇ ਜਰੂਰ ਕਿਸਾਨਾਂ ਲਈ ਆਪਣਾ ਨਿੱਜੀ ਦਰਦ ਤੇ ਕਿਸਾਨਾਂ ਦੇ ਨਾਲ ਸਹਿਮਤੀ ਦੀ ਵੀਡੀੳ ਪਾਈ ਗਈ ਸੀ।