ਰਜਨੀਸ਼ ਸਰੀਨ
ਨਵਾਂ ਸ਼ਹਿਰ, 5 ਨਵੰਬਰ 2020 - ਅੱਜ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਅਮਲੀ ਰੂਪ ਦਿੰਦਿਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਭਾਰੀ ਗਿਣਤੀ ਕਿਸਾਨਾਂ ਨੇ ਪਿੰਡ ਮਹਿੰਦੀ ਪੁਰ ਵਿਖੇ ਜੀ ਟੀ ਰੋਡ ਜਾਮ ਕਰਕੇ ਮੋਦੀ ਸਰਕਾਰ ਨੂੰ ਚਣੌਤੀ ਦਿੱਤੀ ਹੈ। ਝੰਡੇ ਅਤੇ ਮਾਟੋ ਲੈ ਕੇ ਨਾਹਰੇ ਮਾਰਦੇ ਕਿਸਾਨ ਕਾਫਲੇ ਬੰਨ੍ਹ ਕੇ ਇਸ ਜਾਮ ਵਿਚ ਪਹੁੰਚੇ।
ਇਸ ਮੌਕੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ,ਤਰਸੇਮ ਸਿੰਘ ਬੈਂਸ ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਰਾਮ ਸਿੰਘ,ਪੰਜਾਬ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਜਾਡਲਾ, ਜਮਹੂਰੀ ਕਿਸਾਨ ਯੂਨੀਅਨ ਦੇ ਆਗੂ ਸੋਹਣ ਸਿੰਘ ਸਲੇਮਪੁਰੀ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਅੰਨਦਾਤੇ ਨੂੰ ਭਿਖਾਰੀ ਬਣਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।
ਦੇਸ਼ ਦੇ ਕਿਸਾਨਾਂ ਦੇ ਸਖਤ ਵਿਰੋਧ ਦੇ ਬਾਵਜੂਦ ਕਾਲੇ ਤਿੰਨ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਕਾਰਪੋਰੇਟਰਾਂ ਦੇ ਕਰਿੰਦੇ ਬਣਾਉਣ ਦਾ ਸਰਕਾਰੀ ਅਮਲ ਜਾਰੀ ਹੈ ।ਮੋਦੀ ਸਰਕਾਰ ਕਿਸਾਨਾਂ ਨਾਲ ਇਕ ਤੋਂ ਬਾਅਦ ਇਕ ਵਧੀਕੀਆਂ ਕਰ ਰਹੀ ਹੈ ਆਏ ਦਿਨ ਸਰਕਾਰ ਦਾ ਤਾਨਾਸ਼ਾਹੀ ਰੂਪ ਸਾਹਮਣੇ ਆ ਰਿਹਾ ਹੈ ਸਰਕਾਰ ਨੇ ਪਰਾਲੀ ਸਾੜਨ ਵਿਰੁੱਧ ਕਰੋੜਾਂ ਰੁਪਏ ਦਾ ਜੁਰਮਾਨਾ ਅਤੇ ਕੈਦ ਦਾ ਨਵਾਂ ਹਥਿਆਰ ਵਰਤਕੇ ਕਿਸਾਨਾਂ ਦੇ ਜਖਮਾਂ ਉੱਤੇ ਲੂਣ ਭੁੱਕਣ ਦਾ ਕੰਮ ਕੀਤਾ ਹੈ ।ਸਾਨੂੰ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਬਰ ਅਤੇ ਅਨਿਆ ਵਿਰੁੱਧ ਲੜਣਾ ਸਿਖਾਇਆ ਹੈ ।
ਦੇਸ਼ ਦਾ ਇਹ ਜੋਸ਼ੀਲਾ ਅਤੇ ਅਣਖੀਲਾ ਵਰਗ ਕਿਸੇ ਤਰ੍ਹਾਂ ਵੀ ਨਹੀਂ ਝੁਕੇਗਾ ।ਪੰਜਾਬੀਆਂ ਦਾ ਵਿਰਸਾ ਅਨਿਆ ਦੇ ਵਿਰੁੱਧ ਗੋਡੇ ਟੇਕਣ ਵਾਲਾ ਨਹੀਂ ਸਗੋਂ ਜੁਝਾਰੂ ਹੈ ।ਉਹਨਾਂ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਗੋਡਣੀਆਂ ਲੁਆ ਕੇ ਹੀ ਦਮ ਲੈਣਗੇ। ਇਸ ਇਕੱਠ ਨੂੰ ਭੁਪਿੰਦਰ ਸਿੰਘ ਵੜੈਚ ਜਰਨੈਲ ਸਿੰਘ ਜਾਫਰ ਪੁਰ, ਸੁਤੰਤਰ ਕੁਮਾਰ, , ਸੀਟੂ ਪੰਜਾਬ ਦੇ ਪ੍ਰਧਾਨ ਰਘੂਨਾਥ ਸਿੰਘ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ, , ਪਰਮਜੀਤ ਸਿੰਘ ਸੰਘਾ , ,ਮਹਾਂ ਸਿੰਘ ਰੌੜੀ ਪਰਮਿੰਦਰ ਮੇਨਕਾ,ਮੱਖਣ ਸਿੰਘ ਭਾਨਮਜਾਰਾ ਨੇ ਆਖਿਆ ਕਿ ਕਿਸਾਨੀ ਦੇਸ਼ ਦੀ ਆਰਥਿਕਤਾ ਦਾ ਧੁਰਾ ਹੈ ਇਸਦੇ ਤਬਾਹ ਹੋਣ ਨਾਲ ਦੇਸ਼ ਦੀ ਸਮੁੱਚੀ ਆਰਥਿਕਤਾ ਗੜਬੜਾ ਜਾਵੇਗੀ ਜਿਸਨੂੰ ਕਿਸੇ ਕੀਮਤ ਤੇ ਵੀ ਸਹਿਣ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਮਾਸਟਰ ਜਸਵੀਰ ਸਿੰਘ ਦੇ ਢਾਡੀ ਜਥੇ, ਗਾਇਕ ਧਰਮਿੰਦਰ ਮਸਾਣੀ ਅਤੇ ਬੰਸੀ ਬਰਨਾਲਾ ਨੇ ਆਪਣੀ ਗਾਇਕੀ ਰਾਂਹੀ ਕਿਸਾਨਾਂ ਵਿਚ ਜੋਸ਼ ਭਰਿਆ ।ਲੰਗਰ ਵੀ ਅਟੁੱਟ ਵਰਤਿਆ।