ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ 2020 - ਜ਼ਿਲ੍ਹੇ ਦੇ ਪਿੰਡ ਵਾੜ੍ਹਾ ਕਿਸ਼ਨਪੁਰਾ ’ਚ ਅੱਜ ਸਥਿਤੀ ਉਸ ਸਮੇਂ ਤਨਾਅਪੂਰਨ ਹੋ ਗਈ, ਜਦ ਖੇਤੀਬਾੜੀ ਵਿਭਾਗ ਗਿੱਦੜਬਾਹਾ ਤੋਂ ਏ.ਡੀ.ਓ. ਜਗਦੀਪ ਸਿੰਘ, ਸ਼ਿੰਦਰਪਾਲ ਸਿੰਘ ਏ.ਐਸ.ਆਈ. ਅਤੇ ਨੋਡਲ ਅਫਸਰ ਜਗਮੀਰ ਸਿੰਘ ਏ.ਟੀ.ਐਮ. ਝੋੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਮਿਲੀ ਸੂਚਨਾ ਦੀ ਪੜਤਾਲ ਕਰਨ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਘੇਰਾਬੰਦੀ ਕਰਕੇ ਘਿਰਾਓ ਕਰ ਦਿੱਤਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਹਰਨੇਕ ਸਿੰਘ ਪ੍ਰਧਾਨ, ਅੰਮ੍ਰਿਤਪਾਲ ਸਿੰਘ, ਗੁਰਮੇਲ ਸਿੰਘ, ਸੁਖਮੰਦਰ ਸਿੰਘ, ਬੋਹੜ ਸਿੰਘ, ਗੁਰਪ੍ਰੀਤ ਤੋਤਾ, ਬੇਅੰਤ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਅਜੀਤ ਸਿੰਘ, ਰਾਮ ਸਿੰਘ, ਮਹਿੰਦਰ ਸਿੰਘ, ਪ੍ਰਣਾਮ ਸਿੰਘ, ਹਰਬੰਸ ਸਿੰਘ, ਬਾਦਲ ਸਿੰਘ, ਦਰਸ਼ਨ ਸਿੰਘ ਆਦਿ ਵੱਡੀ ਗਿਣਤੀ ’ਚ ਇੱਕਠੇ ਹੋਏ ਕਿਸਾਨਾਂ ਨੇ ਕਿਹਾ ਕਿ ਇਥੇ ਪਹੁੰਚੇ ਪ੍ਰਸ਼ਾਸ਼ਨ ਅਧਿਕਾਰੀਆਂ ਵੱਲੋਂ ਬਿਨ੍ਹਾਂ ਕਿਸੇ ਸਰਪੰਚ, ਪੰਚ ਜਾਂ ਪਿੰਡ ਦੇ ਚੌਂਕੀਦਾਰ ਨੂੰ ਇਤਲਾਹ ਦਿੱਤੇ ਸਿੱਧੇ ਕਿਸਾਨ ਦੇ ਖੇਤ ਅੰਦਰ ਜਾ ਕੇ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ, ਜੋ ਸਰਾਸਰ ਗਲਤ ਹੈ ਅਤੇ ਇਸ ਨੂੰ ਕਿਸੇ ਹਾਲਤ ’ਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਚਾਹੁੰਦੀ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਤਾਂ ਕਿਸਾਨਾਂ ਨੂੰ ਝੋਨੇ ’ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਨਹੀਂ ਤਾਂ ਮਜਬੂਰੀ ਵੱਸ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਸ਼ਾਸਨ ਅਧਿਕਾਰੀ ਅਜਿਹਾ ਕਰਨ ਤੋਂ ਰੋਕਣ ਲਈ ਆਵੇਗਾ ਤਾਂ ਪ੍ਰਸ਼ਾਸਨ ਜਾਂ ਉਹ ਖੁਦ ਜਿੰਮੇਵਾਰ ਹੋਵੇਗਾ। ਇਸ ਘਟਨਾਂ ਦੀ ਸੂਚਨਾ ਮਿਲਦਿਆਂ ਹੀ ਦੋਦਾ ਪੁਲਿਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਮੌਕੇ ’ਤੇ ਪਹੁੰਚੇ।
ਕੀ ਕਹਿਣੈ ਖੇਤੀਬਾੜੀ ਅਫਸਰ ਦਾ
ਜਦ ਇਸ ਸਬੰਧੀ ਖੇਤੀਬਾੜੀ ਵਿਭਾਗ ਗਿੱਦੜਬਾਹਾ ਤੋਂ ਏ.ਡੀ.ਓ. ਜਗਦੀਪ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਹਿਕਮੇ ਵੱਲੋਂ ਸੈਟੇਲਾਈਟ ਰਾਹੀਂ ਅੱਗ ਲੱਗਣ ਦੀਆਂ ਮਿਲ ਰਹੀਆਂ ਲੋਕੋਸ਼ਨਾਂ ਦੀ ਪੜਤਾਲ ਕਰਨ ਦੀ ਡਿਊਟੀ ਲੱਗੀ ਹੈ ਅਤੇ ਅੱਜ ਵੀ ਅਜਿਹੀ ਇੱਕ ਪੜਤਾਲ ਕਰਨ ਗਏ ਸਨ। ਜਿਸ ’ਤੇ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਦੀ ਰਿਪੋਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।
ਕੀ ਕਹਿਣੈ ਪੁਲਿਸ ਦਾ
ਜਦ ਇਸ ਸਬੰਧੀ ਦੋਦਾ ਪੁਲਿਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨ ਯੂਨੀਅਨ ਵੱਲੋਂ ਖੇਤੀਬਾੜੀ ਅਧਿਕਾਰੀਆਂ ਨੂੰ ਬੰਦੀ ਬਣਾਉਣ ਦੀ ਸੂਚਨਾ ਮਿਲੀ ਤਾਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਕਿਸਾਨਾਂ ਨੂੰ ਸਮਝਾ ਕੇ ਸ਼ਾਂਤ ਕਰਵਾਇਆ ਅਤੇ ਅਧਿਕਾਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ।