ਅਸ਼ੋਕ ਵਰਮਾ
ਬਠਿੰਡਾ, 7 ਅਪਰੈਲ2021: ਬਠਿੰਡਾ ਪੁਲਿਸ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦਾ ਘਿਰਾਓ ਕਰਕੇ ਚੂੜੀਆਂ ਭੇਂਟ ਕਰਨ ਆਈਆਂ ਭਾਜਪਾ ਮਹਿਲਾ ਮੋਰਚਾ ਦੀਆਂ ਆਗੂਆਂ ਨੂੰ ਬੈਰੀਕੇਡ ਲਾਕੇ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਮੌਕੇ ਉਦੋਂ ਪੁਲਿਸ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਜਦੋਂ ਵਿੱਤ ਮੰਤਰੀ ਦਾ ਵਿਰੋਧ ਕਰਨ ਆਏ ਭਾਜਪਾ ਵਰਕਰਾਂ ਦੀ ਮੁਖਾਲਫਤ ’ਚ ਕਿਸਾਨ ਆਗੂ ਮੌਕੇ ਤੇ ਪੁੱਜ ਗਏ। ਇਸ ਮੌਕੇ ਮਹੌਲ ਤਣਾਅਪੂਰਨ ਬਣ ਗਿਆ ਜਿਸ ਨੂੰ ਦੇਖਦਿਆਂ ਪੁਲਿਸ ਅਧਿਕਾਰੀਆਂ ਨੇ ਲੇਡੀ ਪੁਲਿਸ ਦੀ ਸਹਾਇਤਾ ਨਾਲ ਡਾਂਗਾਂ ਦੀ ਚੇਨ ਬਣ ਲਈ ਤਾਂ ਜੋ ਕਿਸਾਨ ਅੱਗੇ ਨਾਂ ਵਧ ਸਕਣ।
ਪੁਲਿਸ ਵੱਲੋਂ ਰੋਕੇ ਜਾਣ ਦੀ ਕਾਰਵਾਈ ਖਿਲਾਫ ਮਹਿਲਾ ਮੋਰਚਾ ਵਰਕਰਾਂ ਨੇ ਪੰਜਾਬ ਸਰਕਾਰ ਜਬਰਦਸਤ ਨਾਅਰੇਬਾਜੀ ਕਰਦਿਆਂ ਬੈਰੀਕੇਡਾਂ ਲਾਗੇ ਧਰਨਾ ਲਾ ਦਿੱਤਾ ਜਦੋਂਕਿ ਕਿਸਾਨ ਭਾਰਤੀ ਜੰਤਾ ਪਾਰਟੀ ਅਤੇ ਮੋਦੀ ਸਰਕਾਰ ਖਿਲਾਫ ਨਾਅਰੇ ਮਾਰਦੇ ਰਹੇ। ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਮੋਨਾ ਜਾਇਸਵਾਲ ,ਜਿਲ੍ਹਾ ਪ੍ਰਧਾਨ ਮਮਤਾ ਜੈਨ, ਜਿਲ੍ਹਾ ਇੰਚਾਰਜ ਮਨਜੋਤ ਕੌਰ, ਭਾਰਤੀ ਜੰਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਅਤੇ ਉਮੇਸ਼ ਸ਼ਰਮਾ ਆਦਿ ਨੇ ਵਿਧਾਇਕ ਅਰੁਣ ਨਾਰੰਗ ਤੇ ਮਲੋਟ ’ਚ ਕੀਤੇ ਹਮਲੇ ਨੂੰ ਲੈਕੇ ਤਿੱਖੀ ਪ੍ਰੀਕਿਰਿਆ ਪਰਗਟ ਕਰਦਿਆਂ ਆਖਿਆ ਕਿ ਕੈਪਟਨ ਸਰਕਾਰ ਦੇ ਰਾਜ ’ਚ ਗੁੰਡਾ ਅਨਸਰਾਂ ਵੱਲੋਂ ਲਗਾਤਾਰ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਹਕੂਮਤੀ ਥਾਪੀ ਕਾਰਨ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਆਖਿਆ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਇਸ ਗਦਰ ਖਰਾਬ ਹੋਣ ਦੇਬਾਵਜੂਦ ਪੰਜਾਬ ਸਰਕਾਰ ਕੁੰਭਕਰਨ ਦੀ ਨਂਦ ਸੁੱਤੀ ਹੋਈ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਦਮ ਨਹੀਂ ਚੁੱਕੇ ਜਾ ਰਹੇ ਹਨ। ਮਹਿਲਾ ਮੋਰਚਾ ਆਗੂਆਂ ਨੇ ਰੋਸ ਜਤਾਉਂਦਿਆਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਸਥਿਤੀ ਤੇ ਕਾਬੂ ਨਹੀਂ ਪਾ ਸਕਦੀ ਤਾਂ ਮੰਤਰੀਆਂ ਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਅੱਜ ਉਹ ਕਾਂਗਰਸੀ ਲੀਡਰਸ਼ਿਪ ਨੂੰ ਚੂੜੀਆਂ ਭੇਂਟ ਕਰਨ ਆਈਆਂ ਸਨ ਪਰ ਪੁਲਿਸ ਨੇ ਕਥਿਤ ਸਿਆਸੀ ਇਸ਼ਾਰੇ ਤਹਿਤ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜੋਕਿ ਲੋਕੰਤਤਰੀ ਅਧਿਕਾਰਾਂ ਦੀ ਹੱਤਿਆ ਹੈ। ਇਸ ਮੌਕੇ ਮਹਿਲਾ ਮੋਰਚਾ ਆਗੂਆਂ ਨੇ ਪ੍ਰਸ਼ਾਸ਼ਨ ਰਾਹੀਂ ਚੂੜੀਆਂ ਵੀ ਭੇਜੀਆਂ।
ਕਾਲੇ ਕਾਨੂੰਨ ਰੱਦ ਹੋਣ ਤੱਕ ਵਿਰੋਧ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਰਣਜੀਤ ਸਿੰਘ ਜੀਦਾ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕਿਸੇ ਨਾਲ ਜਾਤੀ ਵਿਰੋਧ ਨਹੀਂ ਹੈੇ ਉਹ ਤਾਂ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਕਾਰਨ ਬੀਜੇਪੀ ਆਗੂਆਂ ਦਾ ਵਿਰੋਧ ਕਰ ਰਹੇ ਹਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਹਕੀਕਤ ਪਛਾਣੇ ਅਤੇ ਖੇਤੀ ਕਾਨੂੰਨ ਵਾਪਿਸ ਲਵੇ । ਉਨ੍ਹਾਂ ਆਖਿਆ ਕਿ ਕਾਰਪੋਰੇਟ ਘਰਾਣਿਆਂ ਖਾਤਰ ਮੋਦੀ ਸਰਕਾਰ ਨੇ ਮੁਲਕ ਦਾ ਖੇਤੀ ਖੇਤਰ ਧਨਾਢਾਂ ਹਵਾਲੇ ਕਰਨ ਦਾ ਫੈਸਲਾ ਲਿਆ ਹੈ ਜਿਸ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਭਾਜਪਾ ਦਾ ਵਿਰੋਧ ਜਾਰੀ ਰਹੇਗਾ।
ਸਵਾ ਦਰਜਨ ਲੀਡਰਾਂ ਲਈ ਤਿੰਨ ਸੌ ਮੁਲਾਜਮ
ਭਾਰਤੀ ਜੰਤਾ ਪਾਰਟੀ ਵੱਲੋਂ ਵਿੱਤ ਮੰਤਰੀ ਦੇ ਦਫਤਰ ਵੱਲ ਕੂਚ ਕਰਨ ਦੇ ਦਿੱਤੇ ਸੱਦੇ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਵੱਲੋਂ ਕਰੀਬ ਤਿੰਨ ਸੌ ਪੁਲਿਸ ਮੁਲਾਜਮਾਂ ਦਾ ਵੱਡੀ ਦਲ ਤਾਇਨਾਤ ਕੀਤਾ ਹੋਇਆ ਸੀ ਜਿਸ ’ਚ ਲੇਡੀ ਪੁਲਿਸ ਵੀ ਸ਼ਾਮਲ ਸੀ। ਮਹੱਤਵਪੂਰਨ ਤੱਥ ਹੈ ਕਿ ਐਨੀ ਵੱਡੀ ਨਫਰੀ ਦੇ ਮੁਕਾਬਲੇ ਭਾਜਪਾ ਦੇ ਸਿਰਫ ਇੱਕ ਦਰਜਨ ਲੀਡਰ ਹੀ ਹਾਜਰ ਹੋਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪੁਲਿਸ ਵੱਲੋਂ ਪਹਿਲਾ ਹੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।