ਮਨਿੰਦਰਜੀਤ ਸਿੱਧੂ
ਜੈਤੋ, 03 ਅਕਤੂਬਰ 2020 - ਖੇਤੀ ਸੰਬੰਧੀ ਤਿੰਨਾਂ ਆਰਡੀਨੈਂਸਾਂ ਦੇ ਕਾਨੂੰਨ ਬਣ ਜਾਣ ਤੋਂ ਬਾਅਦ ਕਿਸਾਨਾਂ ਦਾ ਰੋਹ ਸੱਤ ਅਸਮਾਨੀਂ ਚੜ ਗਿਆ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋਟੀ ਪਾ ਚੁੱਕੀਆਂ 31 ਕਿਸਾਨ ਜੱਥੇਬੰਦੀਆਂ ਵੱਲੋਂ ਕਾਰਪੋਰੇਟ ਅਦਾਰਿਆਂ ਨੂੰ ਘੇਰਨ ਦੀ ਨੀਤੀ ਘੜੀ ਹੈ। ਇਸ ਨੀਤੀ ਤਹਿਤ ਸਮੁੱਚੇ ਪੰਜਾਬ ਵਿੱਚ ਵੱਖ ਥਾਵਾਂ ਉੱਪਰ ਸੜਕਾਂ ਉੱਪਰ ਲੱਗੇ ਟੋਲ ਪਲਾਜਿਆਂ, ਰਿਲਾਇੰਸ ਦੇ ਸ਼ਾਪਿੰਗ ਮਾਲਾਂ, ਜੀਓ ਕੰਪਨੀ ਦੇ ਸਟੋਰਾਂ, ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ ਆਦਿ ਦਾ ਘਿਰਾਓ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਅੱਜ ਜੈਤੋ ਵਿਖੇ ਜੈਤੋ-ਬਠਿੰਡਾ ਰੋਡ ਉੱਪਰ ਸਥਿਤ ਰਿਲਾਇੰਸ ਪੈਟਰੋਲ ਪੰਪ ਦੀ ਘੇਰਾਬੰਦੀ ਕੀਤੀ ਗਈ। ਘੇਰਾਬੰਦੀ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਉੱਪਰ ਤਾਬੜ ਤੋੜ ਹਮਲਾ ਕਰਦਿਆਂ ਕਿਹਾ ਕਿਹਾ ਕਿ ਮੋਦੀ ਆਪਣੇ ਯਾਰਾਂ ਨੂੰ ਲਾਭ ਪਹੁੰਚਾਉਣ ਖਾਤਰ ਇਹ ਕਿਸਾਨ ਵਿਰੋਧੀ ਕਾਨੂੰਨ ਪਾਸ ਕਰ ਰਿਹਾ ਹੈ। ਕਾਰਪੋਰੇਟਾਂ ਦੀ ਅੱਖ ਬੜੇ ਲੰਮੇ ਸਮੇਂ ਤੋਂ ਪੰਜਾਬ ਦੀ ਜਰਖੇਜ ਧਰਤੀ ਉੱਪਰ ਹੈ ਅਤੇ ਮੋਦੀ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ ਪਾਸ ਕਰਕੇ ਉਹਨਾਂ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਦੇ ਖਤਮ ਹੋਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਪ੍ਰਾਈਵੇਟ ਕੰਪਨੀਆਂ ਦੇ ਰਹਿਮੋ ਕਰਮ ਉੱਪਰ ਰਹਿ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਅਕਾਲੀ ਦਲ ਦੁਆਰਾ ਕੀਤੇ ਜਾ ਰਹੇ ਇਕੱਠਾਂ ਅਤੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਵੀ ਕਿਸਾਨ ਹਿਤੈਸ਼ੀ ਹੋਣ ਦੀ ਥਾਂ ਕਿਸਾਨ ਵਿਰੋਧੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇਹ ਵੱਖਰੇ ਤੌਰ ਤੇ ਕੀਤੇ ਜਾ ਰਹੇ ਇਕੱਠ ਕਿਸਾਨ ਸੰਘਰਸ਼ ਨੂੰ ਖੋਰਾ ਲਾਉਣ ਦੀ ਕੋਝੀ ਚਾਲ ਹੈ, ਜਿਸ ਨੂੰ ਕਿਸੇ ਵੀ ਕੀਮਤ ਉੱਪਰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਜੇ ਸਾਡਾ ਸੰਘਰਸ਼ ਮੁੱਢਲੇ ਪੜਾਅ ਵਿੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸੰਘਰਸ਼ ਵਿਕਰਾਲ ਰੂਪ ਧਾਰਨ ਕਰੇਗਾ ਅਤੇ ਤਾਨਾਸ਼ਾਹ ਮੋਦੀ ਹਕੂਮਤ ਨੂੰ ਗੋਡਿਆਂ ਭਾਰ ਹੋਣ ਲਈ ਮਜਬੂਰ ਕਰੇਗਾ।