ਅਸ਼ੋਕ ਵਰਮਾ
ਬਠਿੰਡਾ,25ਮਾਰਚ2021:ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੀ ਮਾਪਿਆਂ ਦੀ ਜਥੇਬੰਦੀ ਪੇਰੈਂਟਸ ਐਸੋਸੀਏਸ਼ਨ ਪੰਜਾਬ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਦਾ ਐਲਾਨ ਕਰਦਿਆਂ 26 ਮਾਰਚ ਨੂੰ ਖੇਤੀ ਕਾਨੂੰਨ ਰੱਦ ਕਰਨ ਅਤੇ ਸਿੱਖਿਆ ਨੂੰ ਬਚਾਉਣ ਲਈ ਮੰਗ ਪੱਤਰ ਦਿੱਤੇ ਜਾਣਗੇ। ਜੱਥੇਬੰਦੀ ਦੇ ਆਗੂਆਂ ਫ਼ਰੀਦਕੋਟ ਮੰਡਲ ਦੇ ਅਹੁਦੇਦਾਰ ਪਵਨ ਸ਼ਰਮਾ ਫ਼ਰੀਦਕੋਟ, ਗੁਰਵਿੰਦਰ ਸ਼ਰਮਾ ਬਠਿੰਡਾ, ਪਵਨ ਕੁਮਾਰ ਮੁਕਤਸਰ ਤੋਂ ਇਲਾਵਾ ਲੁਧਿਆਣਾ ਤੋਂ ਭਗਵੰਤ ਸਿੰਘ ਅਤੇ ਜਲੰਧਰ ਤੋਂ ਪਵਨਦੀਪ ਸਿੰਘ ਨੇ ਅਨਲਾਈਨ ਮੀਟਿੰਗ ਕਰਕੇ ਫੈਸਲਾ ਲਿਆ ਕਿ ਪੰਜਾਬ ਮਾਰੂ ਅਤੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਲੇ ਖੇਤੀ ਬਿੱਲਾਂ ਖ਼ਿਲਾਫ਼ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਪੇਰੈਂਟਸ ਐਸੋਸੀਏਸ਼ਨ ਆਪਣਾ ਭਰਪੂਰ ਯੋਗਦਾਨ ਪਾਏਗੀ। ਉਨ੍ਹਾਂ ਆਖਿਆ ਕਿ ਵੱਖ ਵੱਖ ਜ਼ਿਲਿ੍ਹਆਂ ਵਿੱਚ ਪੇਰੈਂਟਸ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਖੇਤੀ ਕਾਨੂੰਨ ਰੱਦ ਕਰਾਉਣ ਅਤੇ ਸਿੱਖਿਆ ਨੂੰ ਬਚਾਉਣ ਸਬੰਧੀ ਮੈਮੋਰੰਡਮ ਦੇਣ ਦੀ ਯੋਜਨਾ ਹੈ।
ਪੇਰੈਂਟਸ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਅਦਾਲਤ ਵੱਲੋਂ ਫੀਸ ਨਾ ਭਰਨ ਦੀ ਸੂਰਤ ਵਿੱਚ ਸਕੂਲਾਂ ਵੱਲੋਂ ਬੱਚਿਆਂ ਨੂੰ ਪੇਪਰ ਦੇਣ ਤੋਂ ਜਾਂ ਰਿਜ਼ਲਟ ਰੋਕਣ ਦੀ ਮਨਾਹੀ ਸਬੰਧੀ ਜਾਰੀ ਅੰਤਰਿਮ ਆਦੇਸ਼ਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਮਾਪਿਆਂ ’ਚ ਇਸ ਗੱਲ ਦਾ ਵੀ ਰੋਸ ਹੈ ਕਿ ਇਹ ਫੈਸਲਾ ਬਹੁਤ ਦੇਰੀ ਨਾਲ ਆਇਆ ਹੈ ਕਿਉਂਕਿ ਬਹੁਤੇ ਮਾਪੇ ਫ਼ੀਸਾਂ ਭਰ ਚੁੱਕੇ ਹਨ ਜਿਸ ਕਰਕੇ ਇਸ ਫੈਸਲੇ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ। ਉਨ੍ਹਾਂ ਆਖਿਆ ਕਿ ਅਦਾਲਤ ਦਾ ਇਹ ਵੀ ਫੈਸਲਾ ਸੀ ਕਿ ਜਿਨ੍ਹਾਂ ਸਕੂਲਾਂ ਨੇ ਆਨਲਾਈਨ ਕਲਾਸਾਂ ਲਾਈਆਂ ਹਨ ਸਿਰਫ਼ ਉਹ ਸਕੂਲ ਹੀ ਟਿਊਸ਼ਨ ਫ਼ੀਸ ਲੈ ਸਕਦੇ ਹਨ ਅਤੇ ਵਾਧੂ ਫੰਡ ਜਾਂ ਐਨੂਅਲ ਫੰਡ ਨਹੀਂ ਲੈ ਸਕਣਗੇ ਪ੍ਰੰਤੂ ਕਈ ਪ੍ਰਾਈਵੇਟ ਸਕੂਲਾਂ ਨੇ ਆਪਣੀ ਮਨਮਾਨੀ ਕਰਕੇ ਫੀਸਾਂ ਵਿੱਚ ਵਾਧਾ ਵੀ ਕੀਤਾ ਅਤੇ ਵਾਧੂ ਫੰਡ ਵੀ ਵਸੂਲੇ ਹਨ ਜਿੰਨ੍ਹਾਂ ਖਿਲਾਫ ਅਦਾਲਤ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।