ਅਸ਼ੋਕ ਵਰਮਾ
ਮਾਨਸਾ, 11 ਅਕਤੂਬਰ 2020 - ਬੁਢਲਾਡਾ ਵਿਖੇ ਦਿੱਲੀ-ਫਿਰੋਜ਼ਪੁਰ ਰੇਲਵੇ-ਲਾਇਨ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ ਦੌਰਾਨ ਬਰੇ ਪਿੰਡ ਦੀ 80 ਸਾਲ ਮਾਤਾ ਤੇਜ਼ ਕੌਰ ਦੀ ਹੋਈ ਮੌਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਟੀ ਹੋਈ ਚੁੱਪ ਤੋੜਨ ਲਈ ਕਿਸਾਨ ਜੱਥੇਬੰਦੀ ਨੇ ਡੀਸੀ ਦਫਤਰ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ।
ਹੁਣ ਕਿਸਾਨ ਜੱਥੇਬੰਦੀ 12ਸਤੰਬਰ ਸੋਮਵਾਰ ਨੂੰ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਲਾਏਗੀ। ਜੱਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਇਸ ਮਸਲੇ ਤੇ ਜਿਲਾ ਕਮੇਟੀ ਦੇ ਆਗੂਆਂ ਦੀ ਬਕਾਇਦਾ ਮੀਟਿੰਗ ਕਰਕੇ ਦਫਤਰ ਘੇਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਮੰਗਾਂ ਦਾ ਜ਼ਿਕਰ ਕਰਦਿਆਂ ਜਿਲਾ ਪ੍ਰਧਾਨ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੀ ਸ਼ਹੀਦ ਮਾਤਾ ਤੇਜ਼ ਕੌਰ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ , ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਿਰ ਚੜਿਆ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ।
ਉਹਨਾਂ ਦੱਸਿਆ ਕਿ ਡੀ.ਸੀ. ਦਫਤਰ ਦਾ ਘਿਰਾਓ ਅਣਮਿੱਥੇ ਸਮੇਂ ਲਈ ਹੋਵੇਗਾ। ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਦੇ ਤਹਿਤ ਬੁਢਲਾਡਾ ਰੇਲਵੇ-ਸਟੇਸ਼ਨ, ਬਣਾਂਵਾਲੀ ਥਰਮਲ ਪਲਾਂਟ ਅੱਗੇ ਧਰਨੇ ਅਤੇ ਰਿਲਾਇੰਸ ਕੰਪਨੀ ਦੇ ਮਾਨਸਾ-ਕੈਂਚੀਆਂ, ਸਰਦੂਲਗੜ ਅਤੇ ਬਰੇਟਾ ਵਿੱਚ ਪੰਪਾਂ ਦਾ ਘਿਰਾਓ ਜਾਰੀ ਹੈ। ਵੱਖ-ਵੱਖ ਥਾਵਾਂ ਤੇ ਮਹਿੰਦਰ ਸਿੰਘ ਰੁਮਾਣਾ, ਇੰਦਰਜੀਤ ਝੱਬਰ, ਜੋਗਿੰਦਰ ਸਿੰਘ ਦਿਆਲਪੁਰਾ, ਜਗਦੇਵ ਸਿੰਘ ਭੈਣੀ ਬਾਘਾ, ਉੱਤਮ ਸਿੰਘ ਰਾਮਾਂਨੰਦੀ, ਜੱਗਾ ਸਿੰਘ ਜਟਾਣਾ, ਮਨਪ੍ਰੀਤ ਕੌਰ ਭੈਣੀ ਬਾਘਾ, ਐਸ਼ਮੀਨ ਕੌਰ ਨੇ ਵੀ ਸੰਬੋਧਨ ਕੀਤਾ।