ਅਸ਼ੋਕ ਵਰਮਾ
ਬਠਿੰਡਾ, 11 ਅਕਤੂਬਰ 2020 - ਖੇਤੀ ਕਾਨੂੰਨਾਂ ਖਿਲਾਫ ਬਠਿੰਡਾ ਦੀਆਂ ਰੇਲ ਪਟੜੀਆਂ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਲਾਏ ਅਣਮਿਥੇ ਸਮੇਂ ਦਾ ਜਾਮ ਦੌਰਾਨ ਅੱਜ ਕਿਸਾਨਾਂ ਨੇ ਸ਼ਹੀਦ ਪ੍ਰਿਥੀ ਸਿੰਘ ਚੱਕ ਅਲੀਸ਼ੇਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਕਿਸਾਨ ਜਥੇਬੰਦੀਆਂ ਦੇ ਆਗੂ ਅਮਰਜੀਤ ਹਨੀ ਬਲਕਰਨ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਇਸ ਮੌਕੇ ਮਰਹੂਮ ਕਿਸਾਨ ਆਗੂ ਦੀ ਯਾਦ ’ਚ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਮੇਟੀ ਮੈਂਬਰ ਸੁਖਦੀਪ ਸਿੰਘ ਬਾਠ ਨੇ ਦੱਸਿਆ ਕਿ ਅੱਜ ਗਰੀਬ ਕਿਸਾਨ ਬੀਰੋਕੇ ਖੁਰਦ ਤੇ ਪਿੰਡ ਦੇ ਕਿਸਾਨ ਦੀ ਜ਼ਮੀਨ ਬਚਾਉਂਦੇ ਹੋਏ ਪਿ੍ਰਥੀ ਚੱਕ ਅਲੀਸ਼ੇਰ ਨੂੰ ਆੜਤੀਆਂ ਦੇ ਗੁੰਡਿਆਂ ਵੱਲੋਂ ਸ਼ਹੀਦ ਕੀਤਾ ਗਿਆ ਸੀ ਅਤੇ ਅੱਜ ਫਿਰ ਕਿਸਾਨਾਂ ਨੂੰ ਆਪਣੀ ਜ਼ਮੀਨਾਂ ਬਚਾਉਣ ਦੀ ਖਾਤਰ ਸੰਘਰਸ਼ ਦੇ ਮੈਦਾਨ ਵਿੱਚ ਆਉਣਾ ਪਿਆ ਹੈ।
ਬੀ ਕੇ ਯੂ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਲੰਮੀ ਜੱਦੋ ਜਹਿਦ ਬਾਅਦ ਆੜਤੀਆਂ ਨੂੰ ਉਮਰ ਕੈਦ ਕਰਵਾਈ ਸੀ ਅਤੇ ਅੱਜ ਵੀ ਕਿਸਾਨਾਂ ਦੀ ਜ਼ਮੀਨ ਬਚਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ ਕਿਸਾਨ ਜੱਥੇਬੰਦੀ ਸੰਘਰਸ਼ਾਂ ਦੇ ਮੈਦਾਨ ਵਿੱਚ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨਾਂ ਦੇ ਖਿਲਾਫ ਲੰਮਾ ਸੰਘਰਸ਼ ਲੜਿਆ ਜਾਵੇਗਾ। ਉਨਾਂ ਦੱਸਿਆ ਕਿ ਅਗਲੀ ਰਣਨੀਤੀ ਘੜਨ ਲਈ 13 ਅਕਤੂਬਰ ਨੂੰ ਕਿਸਾਨ ਜਥੇਬੰਦੀ ਸਾਂਝੀ ਮੀਟਿੰਗ ਹੋ ਰਹੀ ਹੈ ਜਿਸ ਤੋਂ ਬਾਅਦ ਅਗਲਾ ਸੰਘਰਸ਼ ਤੇਜ ਕੀਤਾ ਜਾਏਗ। ਇਸ ਮੌਕੇ ਬੀ ਕੇ ਯੂ ਮਾਨਸਾ ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ, ਜਗਸੀਰ ਸਿੰਘ ਜੀਦਾ, ਹਰਵਿੰਦਰ ਸਿੰਘ ਬਿੰਦਰ, ਨੈਬ ਸਿੰਘ ਫੂਸ ਮੰਡੀ ਤੇ ਡੀਟੀ ਐੱਫ ਦੇ ਜਿਲਾ ਪ੍ਰਧਾਨ ਜਗਪਾਲ ਸਿੰਘ ਬੰਗੀ ਹਾਜਰ ਸਨ।