ਅਸ਼ੋਕ ਵਰਮਾ
ਬਠਿੰਡਾ,21 ਸਤੰਬਰ : ਕੇਂਦਰ ਦੀ ਮੋਦੀ ਸਰਕਾਰ ਦੁਆਰਾ ਪਾਰਲੀਮੈਂਟ ਵਿੱਚ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੀਆਂ ਇਕਜੁੱਟ ਹੋਈਆਂ 31 ਕਿਸਾਨ ਜਥੇਬੰਦੀਆਂ ਵੱਲੋਂ ਪੱਚੀ ਸਤੰਬਰ ਦੇ ਪੰਜਾਬ ਬੰਦ ਦੀ ਤਿਆਰੀ ਨੂੰ ਲੈ ਕੇ ਬਠਿੰਡਾ ਦੀਆਂ ਸਾਰੀਆਂ ਜਥੇਬੰਦੀਆਂ ਨੇ ਸਾਂਝੀ ਜਿਲਾ ਪੱਧਰੀ ਮੀਟਿੰਗ ਕਰਕੇ ਅੱਜ ਰਣਨੀਤੀ ਘੜੀ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਪੱਚੀ ਸਤੰਬਰ ਨੂੰ ਬਠਿੰਡੇ ਜ਼ਿਲੇ ਵਿੱਚ ਛੇ ਥਾਵਾਂ ਤੇ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ। ਇਸ ਵਿੱਚ ਬਠਿੰਡਾ ਦਾ ਭਾਈ ਘਨੱਈਆ ਚੌਕ ,ਰਾਮਪੁਰਾ ਵਿਖੇ ਮੌੜਾਂ ਵਾਲਾ ਚੌਕ, ਨੰਦਗੜ ਪਿੰਡ ਵਿਖੇ ਢੁੱਕਵਾਂ ਸਥਾਨ, ਸੰਗਤ ਮੰਡੀ ਕੈਂਚੀਆਂ, ਤਲਵੰਡੀ ਸਾਬੋ ਸਰਦੂਲਗੜ ਚੌਕ ਤੇ ਮੌੜ ਮੰਡੀ ਕੈਂਚੀਆਂ ਵਿਖੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਕਿਸਾਨ ਸਾਂਝੇ ਤੌਰ ਤੇ ਧਰਨੇ ਵਿਚ ਸ਼ਾਮਲ ਹੋਣਗੇ।
ਧਰਨਿਆਂ ਵਿੱਚ ਕਿਸਾਨਾਂ ਤੋਂ ਇਲਾਵਾ ਆੜਤੀਆ ਐਸੋਸੀਏਸ਼ਨ, ਮਜ਼ਦੂਰ ਯੂਨੀਅਨ, ਟਰੈਕਟਰ ਯੂਨੀਅਨ, ਦੋਧੀ ਯੂਨੀਅਨ ਤੇ ਹੋਰ ਸਬੰਧਤ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਉਹ ਵੀ ਧਰਨਿਆਂ ਵਿੱਚ ਸ਼ਾਮਲ ਹੋਣ । ਆਗੂਆਂ ਨੇ ਦੱਸਿਆ ਕਿ ਜੇਕਰ ਖੇਤੀ ਖੇਤਰ ਖਤਮ ਹੁੰਦਾ ਹੈ ਤਾਂ ਬਹੁਤ ਸਾਰੇ ਹੋਰ ਖੇਤੀ ਉੱਤੇ ਨਿਰਭਰ ਲੋਕਾਂ ਤੇ ਵੀ ਇਸ ਦਾ ਬੁਰਾ ਅਸਰ ਹੋਵੇਗਾ ਤੇ ਵੱਡੀ ਗਿਣਤੀ ਵਿੱਚ ਲੋਕ ਬੇਰੁਜਗਾਰੀ ਤੇ ਆਰਥਿਕ ਕੰਗਾਲੀ ਵੱਲ ਧੱਕੇ ਜਾਣਗੇ। ਧਰਨੇ ਵਿੱਚ ਸੜਕਾਂ ਤੋਂ ਇਲਾਵਾ ਬਠਿੰਡਾ ਦੀਆਂ ਸੱਤ ਰੇਲਵੇ ਲਾਈਨਾਂ ਨੂੰ ਵੀ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਆਗੂਆਂ ਵੱਲੋਂ ਸਾਂਝੇ ਤੌਰ ਤੇ ਅਪੀਲ ਕੀਤੀ ਗਈ ਕਿ ਅੱਜ ਕਿਸਾਨੀ ਦੀ ਲੜਾਈ ਫੈਸਲਾਕੁਨ ਅਤੇ ਆਖਰੀ ਦੌਰ ਵਿੱਚ ਪਹੁੰਚ ਗਈ ਹੈ। ਜਿਸ ਕਾਰਨ ਘਰ ਘਰ ਦੇ ਕਿਸਾਨਾਂ ਨੂੰ ਇਨਾਂ ਧਰਨਿਆਂ ਵਿੱਚ ਜ਼ਰੂਰੀ ਤੌਰ ਤੇ ਸ਼ਾਮਲ ਹੋਣਾ ਪਵੇਗਾ।
ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਬੇਅੰਤ ਸਿੰਘ ਮਹਿਮਾ ਸਰਜਾ ਤੇ ਜਗਸੀਰ ਸਿੰਘ ਜੀਦਾ, ਬੀ ਕੇ ਯੂ ਡਕੌਦਾ ਦੇ ਰਾਜਮਹਿੰਦਰ ਕੋਟਭਾਰਾ ਅਤੇ ਨਛੱਤਰ ਸਿੰਘ, ਬੀ ਕੇ ਯੂ ਕ੍ਰਾਂਤੀਕਾਰੀ ਦੇ ਗੁਰਮੇਲ ਸਿੰਘ ਜੰਡਾਂਵਾਲਾ ਤੇ ਭਗਵਾਨ ਸਿੰਘ ਹਰਰਾਏਪੁਰ, ਪੰਜਾਬ ਕਿਸਾਨ ਯੂਨੀਅਨ ਦੇ ਜਸਵੀਰ ਸਿੰਘ ਭੁੱਲਰ, ਬੀ ਕੇ ਯੂ ਡਕੌਂਦਾ ਦੇ ਬਲਦੇਵ ਸਿੰਘ ਭਾਈਰੂਪਾ ਅਤੇ ਸੁਖਵਿੰਦਰ ਸਿੰਘ ਫੂਲੇਵਾਲਾ, ਬੀਕੇਯੂ ਉਗਰਾਹਾਂ ਦੇ ਰਾਜਵਿੰਦਰ ਸਿੰਘ ਰਾਜੂ ਤੇ ਹੁਸ਼ਿਆਰ ਸਿੰਘ, ਜਮਹੂਰੀ ਕਿਸਾਨ ਸਭਾ ਦੇ ਦਰਸ਼ਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਪਾਲੀ ਲਹਿਰਾ ਮੁਹੱਬਤ ਤੇ ਸੁਖਦੀਪ ਸਿੰਘ ਬਾਠ, ਬੀ ਕੇ ਯੂ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ ਤੇ ਬਲਦੇਵ ਸਿੰਘ ਸੰਦੋਹਾ ਹਾਜਰ ਸਨ ਜਿੰਨਾਂ ਨੇ ਬਠਿੰਡਾ ਜਿਲੇ ਦੇ ਸਮੂਹ ਲੋਕਾਂ ਨੂੰ ਸੰਘਰਸ਼ ਸਫਲ ਬਨਾਉਣ ਲਈ ਜੁਟਣ ਦਾ ਸੱਦਾ ਵੀ ਦਿੱਤਾ।