ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 20 ਅਕਤੂਬਰ 2020 - ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਨ ਸਭਾ ਵਲੋਂ ਪਾਸ ਕੀਤੇ 3 ਬਿੱਲਾਂ ਨੂੰ ਕਿਰਸਾਨੀ ਅਤੇ ਮਜ਼ਦੂਰ ਦੇ ਹੱਕ ਲਈ ਜ਼ਰੂਰੀ ਕਰਾਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਇਸ ਇਤਹਾਸਕ ਫੈਸਲੇ ਦੀ ਵੱਡੀ ਲੋੜ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ 3 ਕਾਨੂੰਨਾਂ ਨਾਲ ਨਾ ਸਿਰਫ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਬੇਅਰਥ ਹੋ ਗਏ ਹਨ, ਸਗੋਂ ਪੰਜਾਬ ਨੇ ਇਸ ਨਾਲ ਦੇਸ਼ ਦੀ ਅਗਵਾਈ ਕਰਨ ਵਾਲੀ ਆਪਣੀ ਪ੍ਰਥਾ ਨੂੰ ਵੀ ਬਰਕਰਾਰ ਰੱਖਿਆ ਹੈ।
ਅੱਜ ਵਿਧਾਨ ਸਭਾ ਦੇ ਇਤਿਹਾਸਕ ਸ਼ੈਸ਼ਨ ਵਿਚ ਭਾਗ ਲੈਣ ਮਗਰੋਂ ਗੱਲਬਾਤ ਕਰਦਿਆਂ ਬੁਲਾਰੀਆ ਨੇ ਕਿਹਾ ਕਿ ' ਉਹ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਕਿਸਾਨਾਂ , ਮਜ਼ਦੂਰਾਂ, ਦੁਕਾਨਦਾਰਾਂ ਦੀ ਰੋਜ਼ੀ ਰੋਟੀ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਲੇ ਬਿੱਲ ਪਾਸ ਕਰਨ ਵਾਲੀ ਵਿਧਾਨ ਸਭਾ ਦੀ ਕਾਰਵਾਈ ਦਾ ਹਿੱਸਾ ਬਨਣ ਦਾ ਮਾਣ ਅਤੇ ਅਸ਼ੀਰਵਾਦ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਅਰਥਵਿਵਸਥਾ ਨੂੰ ਢਾਹ ਲਾਉਣ ਦੇ ਮਕਸਦ ਨਾਲ ਧੱਕੇਸ਼ਾਹੀ ਨਾਲ ਪਾਸ ਕੀਤੇ ਕਿਸਾਨ ਮਾਰੂ ਬਿੱਲ ਸੂਬੇ ਲਈ ਅਰਥਹੀਣ ਹੋ ਗਏ ਹਨ।
ਇਸੇ ਦੌਰਾਨ ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਅਤੇ ਅੱਜ ਇਸ ਗੱਲ ਪ੍ਰਤੱਖ ਹੋ ਗਈ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2004 ਵਿਚ ਪਾਣੀਆਂ ਸਬੰਧੀ ਸਮਝੌਤੇ ਰੱਦ ਕਰਨ ਅੱਜ ਨੂੰ 16 ਸਾਲ ਬਾਅਦ ਫਿਰ 3 ਨਵੇਂ ਬਿੱਲ ਪਾਸ ਕਰਕੇ ਕਿਸਾਨੀ ਦੇ ਸੱਚਾ ਮਸੀਹਾ ਹੋਣ ਦਾ ਦਲੇਰਾਨਾ ਸਬੂਤ ਪੇਸ਼ ਕੀਤਾ ਹੈ।
ਉਨ੍ਹਾਂ ਦੱਸਿਆ ਕਿ 'ਕਿਸਾਨ ਵਪਾਰ ਵਣਜ ਦੀਆਂ ਵਿਸ਼ੇਸ਼ਤਾਵਾਂ ਤੇ ਪੰਜਾਬ ਸੋਧ ਬਿੱਲ, 2020, ਜ਼ਰੂਰੀ ਚੀਜਾਂ ਦੀ ਵਿਸ਼ੇਸ਼ ਵਿਵਸਥਾ ਤੇ ਪੰਜਾਬ ਸੋਧ ਬਿੱਲ ਤੇ ਮੁੱਲ ਅਸੌਰੈਂਸ ਅਤੇ ਫਾਰਮ ਸੇਵਾਵਾਂ ਬਿੱਲ 2020 ਤਹਿਤ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਖਰੀਦ ਕਰਨ ਦੀ ਮਨਾਹੀ ਤੇ 3 ਸਾਲ ਦੀ ਕੈਦ ਤੇ ਜਮ੍ਵਾਂਖੋਰੀ ਰੋਕਕੇ ਕਿਸਾਨ ਤੇ ਮਜ਼ਦੂਰ ਦੀ ਰੱਖਿਆ ਕੀਤੀ ਗਈ ਹੈ।