ਅਸ਼ੋਕ ਵਰਮਾ
- ਭਾਜਪਾ ਦੇ 4 ਆਗੂਆਂ ਤੇ ਚਾਰ ਥਾਈ ਰੇਲਾਂ ਜਾਮ ਦਾ ਵੀ ਫੈਸਲਾ
ਚੰਡੀਗੜ੍ਹ, 30 ਸਤੰਬਰ 2020 - ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਨੇ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ 31 ਜਥੇਬੰਦੀਆਂ ਦੇ ਸੰਘਰਸ਼ ਸਬੰਧੀ ਸੱਦੇ ਨਾਲ ਤਾਲਮੇਲਵੇਂ ਐਕਸ਼ਨ ਵਜੋਂ 1 ਅਕਤੂਬਰ ਤੋਂ ਧਬਲਾਨ (ਪਟਿਆਲਾ) , ਸੁਨਾਮ (ਸੰਗਰੂਰ), ਬੁਢਲਾਡਾ (ਮਾਨਸਾ)ਤੇ ਗਿੱਦੜਬਾਹਾ (ਮੁਕਤਸਰ) ਵਿਖੇ ਅਣਮਿਥੇ ਸਮੇਂ ਦੇ ਰੇਲ ਜਾਮ ਕਰਨ ਤੋਂ ਇਲਾਵਾ ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕ੍ਰਮਜੀਤ ਸਿੰਘ ਚੀਮਾ (ਪਾਇਲ ਲੁਧਿਆਣਾ), ਸੁਨੀਤਾ ਗਰਗ (ਕੋਟਕਪੂਰਾ) ਤੇ ਅਰੁਣ ਨਾਰੰਗ ਐਮ ਐਲ ਏ ਅਬੋਹਰ 4 ਭਾਜਪਾ ਆਗੂਆਂ ਸਮੇਤ ਕਾਲਾਝਾੜ (ਸੰਗਰੂਰ), ਬਡਬਰ (ਬਰਨਾਲਾ), ਲਹਿਰਾਬੇਗਾ ਤੇ ਜੀਦਾ (ਬਠਿੰਡਾ) ਅਤੇ ਕੱਥੂਨੰਗਲ (ਗੁਰਦਾਸਪੁਰ) 5 ਟੌਲ ਪਲਾਜਿਆਂ, ਭੁੱਚੋ ‘ਚ ਬੈਸਟ ਪ੍ਰਾਈਸ, ਬਠਿੰਡਾ ਅਤੇ ਰੋਖਾ (ਅਜਨਾਲਾ ਅੰਮਿ੍ਰਤਸਰ) ‘ਚ ਰਿਲਾਇੰਸ ਦੇ 3 ਸ਼ਾਪਿੰਗ ਮਾਲਜ਼, ਮੋਗਾ ਅਤੇ ਛਾਜਲੀ (ਸੰਗਰੂਰ) ‘ਚ 2 ਅਡਾਨੀ ਸੈੱਲੋ ਗੋਦਾਮਾਂ, ਧਨੌਲਾ ਤੇ ਸੰਘੇੜਾ (ਬਰਨਾਲਾ), ਨਿਆਲ (ਪਟਿਆਲਾ), ਧੂਰੀ- ਦਿੜਬਾ- ਭਵਾਨੀਗੜ- ਮਲੇਰਕੋਟਲਾ- ਅਹਿਮਦਗੜ- ਲਹਿਰਾ- ਸੰਗਰੂਰ ਤੇ ਸੁਨਾਮ ਸਾਰੇ ਜਲਿਾ ਸੰਗਰੂਰ; ਰਾਮਪੁਰਾ ਤੇ ਲਹਿਰਾਬੇਗਾ (ਬਠਿੰਡਾ), ਜਲਾਲਾਬਾਦ (ਫਾਜਿਲਕਾ) ਅਤੇ ਵਲੂਰ (ਫਿਰੋਜਪੁਰ) 15 ਰਿਲਾਇੰਸ ਪੰਪਾਂ; ਧੌਲਾ ਤੇ ਭੋਤਨਾ (ਬਰਨਾਲਾ), ਕਾਤਰੋਂ (ਪਟਿਆਲਾ) 3 ਐੱਸਾਰ ਪੰਪਾਂ ਅਤੇ ਵਣਾਂਵਾਲੀ (ਮਾਨਸਾ) ਥਰਮਲ ਪਲਾਂਟ ਕੁੱਲ 29 ਕਾਰਪੋਰੇਟ ਕਾਰੋਬਾਰਾਂ ਅੱਗੇ ਦਿਨ ਰਾਤ ਪੱਕੇ ਧਰਨਿਆਂ ਦਾ ਐਲਾਨ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੀ ਹਕੀਕਤਮੁਖੀ ਸਮਝ ਅਨੁਸਾਰ ਕਾਲੇ ਖੇਤੀ ਕਾਨੂੰਨਾਂ ਦਾ ਇਹ ਨਵਾਂ ਹਮਲਾ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਖੇਤੀ ਖੇਤਰ ‘ਚ ਅੰਨੀ ਲੁੱਟ ਮਚਾਉਣ ਦੀਆਂ ਖੁੱਲੀਆਂ ਛੋਟਾਂ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮੁਲਕ ਦੇ ਸਾਰੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਅਤੇ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਕਾਰੋਬਾਰੀਆਂ ਨੂੰ ਸੰਭਾਲਣ ‘ਤੇ ਤੁਲੀ ਹੋਈ ਹੈ ਜਿਸ ਕਰਕੇ ਭਾਜਪਾ ਆਗੂ ਨਿਸ਼ਾਨੇ ਤੇ ਲਏ ਗਏ ਹਨ ਜਦੋਂਕਿ ਕਾਰਪੋਰਟਾਂ ਨੂੰ ਘੇਰਨ ਦਾ ਮਕਸਦ ਉਨ੍ਹਾਂ ਦੇ ਕਾਰੋਬਾਰਾਂ ਨੂੰ ਨੱਥ ਪਾਉਣਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਵੱਖ ਵੱਖ ਢੰਗਾਂ ਨਾਲ ਇਹੋ ਸਮਝਾਇਆ ਜਾ ਰਿਹਾ ਹੈ ਕਿ ਉਹ ਮੋਦੀ ਸਰਕਾਰ ਤੇ ਆਰਡੀਨੈਂਸ ਤੇ ਬਾਅਦ ’ਚ ਬਣੇ ਕਾਨੂੰਨ ਵਾਪਿਸ ਲੈਣ ਲਈ ਦਬਾਅ ਪਾਉਣ ਪਰ ਕਿਸੇ ਵੀ ਲੀਡਰ ਨੇ ਕਿਸਾਨਾਂ ਦੀ ਬਾਤ ਨਹੀਂ ਪੁੱਛੀ ਸਗੋਂ ਕਿਸਾਨ ਵਿਰੋਧੀ ਫੈਸਲਿਆਂ ਤੇ ਮੋਹਰਾਂ ਲਾਉਂਦੇ ਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਧਰਨਿਆਂ ਦੌਰਾਨ ਮੋਦੀ ਹਕੂਮਤ ਦੇ ਦੂਸਰੇ ਜੋਟੀਦਾਰ ਅੰਬਾਨੀ ਤੇ ਐੱਸਾਰ ਦੇ ਕਾਰੋਬਾਰਾਂ ਜਿਵੇਂ ਸ਼ਾਪਿੰਗ ਮਾਲਾਂ ਤੇ ਪੈਟਰੋਲ ਪੰਪਾਂ ਬਗੈਰਾ ਦੇ ਘਿਰਾਓ ਰਾਹੀਂ ਚਿਤਾਵਨੀ ਦਿੱਤੀ ਜਾਵੇਗੀ ਕਿ ਉਹ ਸੂਬੇ ਅੰਦਰ ਲੁੱਟ ਕਰਨ ਤੋਂ ਬਾਜ਼ ਆਉਣ। ਇਸ ਤੋਂ ਬਿਨਾਂ ਵੀ ਸੂਬੇ ਅੰਦਰ ਲੁੱਟ ਦੇ ਕੇਂਦਰ ਬਣ ਕੇ ਉੱਭਰੇ ਹੋਏ ਵੱਡੀ ਪੂੰਜੀ ਦੇ ਕਾਰੋਬਾਰਾਂ ਟੋਲ ਪਲਾਜਿਆਂ ,ਬਹੁਕੌਮੀ ਕੰਪਨੀਆਂ ਦੇ ਸ਼ਾਪਿੰਗ ਮਾਲਾਂ ਦੇ ਘਿਰਾਓ ਐਕਸ਼ਨਾਂ ਰਾਹੀਂ ਸੰਘਰਸ਼ ਨੂੰ ਹੋਰ ਉਚੇਰੇ ਪੜਾਅ ‘ਤੇ ਲਿਜਾਇਆ ਜਾਵੇਗਾ। ਇਸੇ ਤਰਾਂ ਸਰਕਾਰੀ ਥਰਮਲਾਂ ਦਾ ਭੋਗ ਪਾ ਕੇ ਸਮੁੱਚਾ ਬਿਜਲੀ ਕਾਰੋਬਾਰ ਵੀ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ ਪ੍ਰਾਈਵੇਟ ਥਰਮਲ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 1972 ‘ਚ ਕਾਂਗਰਸ ਹਕੂਮਤ ਦੌਰਾਨ ਵਾਪਰੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਇਸ ਪੱਕੇ ਮੋਰਚੇ ਦੌਰਾਨ ਹੀ ਭੇਂਟ ਕੀਤੀ ਜਾਵੇਗੀ। ਉਨਾਂ ਆਮ ਲੋਕਾਂ ਨੂੰ ਵਧ ਚੜ ਕੇ ਇਨਾਂ ਪੱਕੇ ਮੋਰਚਿਆਂ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਐਲਾਨ ਕੀਤਾ ਕਿ ਧਰਨਿਆਂ ਨੂੰ ਸ਼ਾਂਤਮਈ ਰੱਖਣ ਲਈ ਹਰ ਪੱਖੋਂ ਜ਼ਬਤ ਦੀ ਪਾਲਣਾ ਕੀਤੀ ਜਾਏਗੀ ਤੇ ਕਿਸਾਨ ਵਲੰਟੀਅਰ ਸ਼ਰਾਰਤੀ ਅਨਸਰਾਂ ਤੋਂ ਚੌਕਸੀ ਰੱਖਣਗੇ।