ਅਸ਼ੋਕ ਵਰਮਾ
- ਭਾਜਪਾ ਲੀਡਰ ਸੁਰਜੀਤ ਜਿਆਣੀ ਭੱਜਿਆ ਕਿਸਾਨਾਂ ਤੋਂ ਅੱਗੇ ਕਿਸਾਨ ਖੜ੍ਹੇ
ਬਠਿੰਡਾ, 25 ਮਾਰਚ 2021 - ਪੰਜਾਬੀ ਕਹਾਵਤ ‘ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ’ ਭਾਰਤੀ ਜਨਤਾ ਪਾਰਟੀ ਦੇ ਆਗੂ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੇ ਅੱਜ ਬਠਿੰਡਾ ਦੌਰੇ ਤੇ ਪੂਰੀ ਤਰਾਂ ‘ਸਟੀਕ’ ਬੈਠਦੀ ਹੈ ਜਿੰਨ੍ਹਾਂ ਨੇ ਕਿਸਾਨਾਂ ਦੇ ਵਿਰੋਧ ਡਰੋਂ ਸਰਕਟ ਹਾਊਸ ’ਚ ਰੱਖੀ ਪ੍ਰੈਸ ਕਾਨਫਰੰਸ ‘ਜੱਸੀ ਚੌਂਕ’ ਲਾਗੇ ਹੋਟਲ ਐਚ ਬੀ ਐਨ ’ਚ ਤਬਦੀਲ ਤਾਂ ਕੀਤੀ ਪਰ ਕਿਸਾਨ ਉੱਥੇ ਵੀ ਪੁੱਜ ਗਏ ਅਤੇ ਧਰਨਾ ਲਾ ਦਿੱਤਾ। ਭੜਕੇ ਕਿਸਾਨਾਂ ਨੇ ਇਸ ਮੌਕੇ ਮੋਦੀ ਸਰਕਾਰ ਅਤੇ ਭਾਜਪਾ ਖਿਲਾਫ ਨਾਅਰੇਬਾਜੀ ਕੀਤੀ। ਸਥਿਤੀ ਵਿਗੜਨ ਦੇ ਡਰੋਂ ਪੁਲਿਸ ਪ੍ਰਸ਼ਾਸ਼ਨ ਨੇ ਭਾਜਪਾ ਆਗੂ ਨੂੰ ਹੋਟਲ ਦੇ ਪਿਛਵਾੜਿਓਂ ਲੰਘਾਇਆ। ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਸੰਘਰਸ਼ ਤਹਿਤ ਬੀਜੇਪੀ ਦੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕਾਰਨ ਹੀ ਸੁਰਜੀਤ ਜਿਆਣੀ ਵੱਲੋਂ ਬਠਿੰਡਾ ’ਚ ਕੀਤੀ ਜਾ ਰਹੀ ਜਾ ਪ੍ਰੈਸ ਕਾਨਫਰੰਸ ਦੀ ਕਿਸਾਨ ਜੱਥੇਬੰਦੀ ਨੂੰ ਭਿਣਕ ਪੈ ਗਈ ਅਤੇ ਉਹ ਵਿਰੋਧ ਕਰਨ ਲਈ ਮੌਕੇ ਤੇ ਪੁੱਜ ਗਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ਅਤੇ ਬਲਜੀਤ ਸਿੰਘ ਪੂਹਲਾ ਨੇ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰੱਖਿਆ ਜਾਏਗਾ। ਟੈਲੀਵਿਜਨ ਤੇ ਬਹਿਸ ਦੌਰਾਨ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਅੱਜ ਬੇਤੁਕੀਆਂ ਦਲੀਲਾਂ ਦੇ ਕੇ ਕਿਸਾਨਾਂ ਨੂੰ ਦਿੱਲੀ ਮੋਰਚਾ ਸਮਾਪਤ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਦੋਨੇ ਭਾਜਪਾ ਆਗੂ ਸੁਰਜੀਤ ਜਿਆਣੀ ਅਤੇ ਗਰੇਵਾਲ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨ ਫਾਇਦੇਮੰਦ ਦੱਸ ਕੇ ਕਾਰਪੋਰੇਟ ਘਰਾਣਿਆਂ ਦੇ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ ।ਸ੍ਰੀ ਮਾਨ ਨੇ ਕਿਹਾ ਕਿ ਗਰੇਵਾਲ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਲਈ ਕਹਿ ਰਿਹਾ ਹੈ ਜੋਕਿ ਉਸ ਦਾ ਦੋਗਲਾਪਣ ਹੈ ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਸੂਬਿਆਂ ਤੋਂ ਅਧਿਕਾਰ ਖੋਹ ਕੇ ਹੀ ਇਹ ਨਵੇਂ ਖੇਤੀ ਕਾਨੂੰਨ ਬਣਾਏ ਹਨ ਜਦੋਂਕਿ ਖੇਤੀ ਤੋਂ ਪ੍ਰਾਪਤ ਉਤਪਾਦਾਂ ਸਬੰਧੀ ਕਾਨੂੰਨ ਬਨਾਉਣ ਦਾ ਅਧਿਕਾਰ ਸਿਰਫ਼ ਰਾਜ ਸਰਕਾਰਾਂ ਨੂੰ ਹੀ ਹੈ । ਉਨ੍ਹਾਂ ਕਿਹਾ ਕਿ ਗਰੇਵਾਲ ਵੱਲੋਂ ਬਹਿਸ ਦੌਰਾਨ ਕਿਹਾ ਗਿਆ ਕਿ ਬਿਹਾਰ ਵਿੱਚ ਏਪੀਐਮਸੀ ਐਕਟ ਤੋੜਨ ਨਾਲ ਕਿਸਾਨਾਂ ਦਾ ਫਾਇਦਾ ਹੋ ਰਿਹਾ ਹੈ ਜੋ ਕਿ ਬਿਲਕੁਲ ਝੂਠ ਹੈ। ਉਨ੍ਹਾਂ ਕਿਹਾ ਕਿ ਏਪੀਐਮਸੀ ਤੋੜਨ ਕਾਰਨ ਬਿਹਾਰ ਦੇ ਕਿਸਾਨਾਂ ਦੀ ਫਸਲ ਐਮਐਸਪੀ ਤੋਂ ਅੱਧੇ ਭਾਅ ਤੇ ਵਿਕ ਰਹੀ ਹੈ ਜਿਸ ਕਰਕੇ ਉੱਥੇ ਦਸ ਦਸ ਏਕੜ ਤੱਕ ਮਾਲਕੀ ਵਾਲੇ ਕਿਸਾਨ ਵੀ ਆਪਣੀ ਖੇਤੀ ਚੋਂ ਕੱੁਝ ਬਚਦਾ ਨਾ ਹੋਣ ਕਾਰਨ ਪੰਜਾਬ ਵਿਚ ਆ ਕੇ ਮਜ਼ਦੂਰੀ ਕਰਨ ਲਈ ਮਜਬੂਰ ਹਨ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਖੇਤੀ ਖੇਤਰ ਤਬਾਹ ਹੋ ਜਾਏਗਾ ਜਿਸ ਕਾਰਨ ਸੰਘਰਸ਼ ਵਿੱਢਿਆ ਹੋਇਆ ਹੈ।
ਓਧਰ ਬੁਲਾਰਿਆਂ ਨੇ ਦੱਸਿਆ ਕਿ 26 ਮਾਰਚ ਨੂੰ ਦਿੱਲੀ ਸੰਘਰਸ਼ ਦੇ ਚਾਰ ਮਹੀਨੇ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਭਾਰਤ ਬੰਦ ਦਾ ਸੱਦਾ ਦਿੱਤਾ ਹੈ । ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਜਿਲ੍ਹੇ ’ਚ ਸ਼ੁੱਕਰਵਾਰ ਨੂੰ ਸਵੇਰ ਛੇ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਬਠਿੰਡਾ ਬਾਦਲ ਰੋਡ ਤੇ ਘੁੱਦਾ ,ਬਠਿੰਡਾ ਅੰਮਿ੍ਰਤਸਰ ਰੋਡ ਤੇ ਜੀਦਾ ,ਬਾਜਾਖਾਨਾ ਬਰਨਾਲਾ ਰੋਡ ਤੇ ਭਗਤਾ, ਬਠਿੰਡਾ ਚੰਡੀਗੜ੍ਹ ਰੋਡ ਤੇ ਲਹਿਰਾ ਬੇਗਾ ਅਤੇ ਰਾਮਪੁਰਾ ਵਿਖੇ ਸੜਕ ਜਾਮ ਕੀਤੀ ਜਾਵੇਗੀ ਜਦੋਂਕਿ ਬਠਿੰਡਾ ਜੀਂਦ ਰੇਲਵੇ ਟਰੈਕ ਤੇ ਮੌੜ ਮੰਡੀ ਵਿਖੇ ਰੇਲਾਂ ਠੱਪ ਰੱਖੀਆਂ ਜਾਣਗੀਆਂ। ਅੱਜ ਦੇ ਇਕੱਠ ਨੂੰ ਸਿਮਰਾ ਸਿੰਘ ਚੱਕ ਫਤਿਹ ਸਿੰਘ ਵਾਲਾ, ਵੀਰਾ ਸਿੰਘ ਗਿੱਦੜ, ਕਰਮਜੀਤ ਕੌਰ ਲਹਿਰਾਖਾਨਾ ਅਤੇ ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ ਨੇ ਵੀ ਸੰਬੋਧਨ ਕਰਦਿਆਂ ਦੱਸਿਆ ਕਿ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ,ਪੈਟਰੋਲ ਪੰਪਾਂ, ਟੌਲ ਪਲਾਜ਼ਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਮੋਰਚੇ ਜਾਰੀ ਰਹਿਣਗੇ।