ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ 2020 - ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ ਪੰਜਾਬ ਵਿਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਲਗਾਤਾਰ ਦਿੱਤੇ ਜਾ ਰਹੇ ਧਰਨੇ ਅੱਜ 28ਵੇਂ ਦਿਨ ਵਿਚ ਦਾਖਲ ਹੋ ਗਏ ਹਨ। ਬਠਿੰਡਾ ਵਿਖੇ ਰੇਲਵੇ ਲਾਈਨਾਂ ਕੋਲ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਵਰਕਿੰਗ ਪ੍ਰਧਾਨ ਬਲਕਰਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਹਨੀ, ਬੀਕੇਯੂ ਮਾਨਸਾ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਗੰਗਾ, ਬੀਕੇਯੂ ਸਿੱਧੂਪੁਰ ਦੇ ਪ੍ਰਰੈਸ ਸਕੱਤਰ ਰਣਜੀਤ ਸਿੰਘ ਜੀਦਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਾਇਬ ਸਿੰਘ ਫੂਸ ਮੰਡੀ, ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਨਰੂਆਣਾ ਨੇ ਸਾਂਝੇ ਬਿਆਨ ਵਿਚ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਵਿਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਚੱਲ ਰਹੇ ਸੰਘਰਸ਼ ਨੂੰ ਰੋਕਣ ਲਈ ਨੀਵੇਂ ਪੱਧਰ ‘ਤੇ ਉਤਰ ਆਈ ਹੈ।
ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ ਲਈ ਬਹਾਨੇ ਬਣਾ ਕੇ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਹਨ। ਇਸ ਨਾਲ ਪੰਜਾਬ ਅਤੇ ਲੋਕਾਂ ਦੀ ਆਰਥਿਕਤਾ ਨੂੰ ਢਾਹ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਪੰਜਾਬ ਦੇ ਅਣਖੀ ਲੋਕ ਸਹਿਣ ਨਹੀਂ ਕਰਨਗੇ। ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੀ ਕੱਲ੍ਹ ਦਿੱਲੀ ਵਿਖੇ ਹੋਈ ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ 5 ਨਵੰਬਰ ਨੂੰ ਸਾਰੇ ਦੇਸ਼ ਵਿਚ 12 ਵਜੇ ਤੋਂ 4 ਵਜੇ ਤੱਕ ਸੜਕੀ ਆਵਾਜਾਈ ਬੰਦ ਕੀਤੀ ਜਾਵੇਗੀ ਅਤੇ 26-27 ਨਵੰਬਰ ਨੂੰ ਸਾਰੇ ਦੇਸ਼ ਦੇ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਤੇ ਕਾਲੇ ਕਾਨੂੰਨ ਰੱਦ ਕਰਾਉਣ ਤੱਕ ਲਗਾਤਾਰ ਲੜਾਈ ਲੜਦੇ ਰਹਿਣਗੇ। ਇਸ ਮੌਕੇ ਬੀਕੇਯੂ ਮਾਨਸਾ ਦੇ ਜਗਸੀਰ ਸਿੰਘ ਜੀਦਾ, ਕੇਕੇਯੂ ਦੇ ਆਗੂ ਸੁਖਦੀਪ ਸਿੰਘ ਬਾਠ, ਪ੍ਰਕਾਸ਼ ਸਿੰਘ ਨੰਦਗੜ, ਹਰਪ੍ਰਰੀਤ ਸਿੰਘ ਬਰਾੜ ਵੀ ਹਾਜ਼ਰ ਸਨ।