ਅਸ਼ੋਕ ਵਰਮਾ
ਬਠਿੰਡਾ, 1 ਅਕਤੂਬਰ 2020 - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਦੀਆਂ ਰੇਲਾਂ ਰੋਕਣ ਲਈ ਦਿੱਤੇ ਸੱਦੇ ਤਹਿਤ ਅੱਜ ਬਠਿੰਡਾ ਰੇਲਵੇ ਸਟੇਸ਼ਨ ਕੋਲ ਮੁਲਤਾਨੀਆਂ ਪੁਲ ਥੱਲੇ ਅਣਮਿੱਥੇ ਸਮੇਂ ਲਈ ਰੇਲਵੇ ਲਾਈਨਾਂ ਜਾਮ ਕਰ ਦਿੱਤੀਆਂ ਹਨ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਹਕੂਮਤ ਨੇ ਤਿੰਨ ਖੇਤੀ ਬਿਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧੱਕਾ ਕੀਤਾ ਹੈ। ਕੋਰੋਨਾ ਵਾਇਰਸ ਦੀ ਆੜ ਵਿੱਚ ਦੇਸ਼ ਦੇ ਨਾਗਰਿਕਾਂ ਨੂੰ ਘਰ ਅੰਦਰ ਕੈਦ ਕਰਕੇ ਰੱਖ ਦਿੱਤਾ ਹੈ ਅਤੇ ਧਾਰਾ 144 ਦਾ ਸਹਾਰਾ ਲੈ ਕੇ ਤੇਜੀ ਨਾਲ ਇਹ ਤਿੰਨ ਆਰਡੀਨੈਂਸ ਜਾਰੀ ਕਰਕੇ ਤਿੰਨ ਮਹੀਨਿਆਂ ਦੇ ਸਮੇਂ ਅੰਦਰ ਹੀ ਪਾਰਲੀਮੈਂਟ ਵਿਚ ਪਾਸ ਕਰ ਦਿੱਤੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹ ਤਿੰਨੇ ਕਾਨੂੰਨ ਸਰਕਾਰ ਨੇ ਰੱਦ ਨਾ ਕੀਤੇ ਤਾਂ ਇਸ ਨਾਲ ਕਿਸਾਨ ਅਤੇ ਖੇਤੀ ਨਾਲ ਜੁੜੇ ਬਾਕੀ ਖੇਤਰ ਵੀ ਆਰਥਿਕ ਕੰਗਾਲੀ ਦੀ ਦਲਦਲ ਵਿੱਚ ਫਸ ਜਾਣਗੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਿਨਾ ਚਿਰ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਓਨੀ ਦੇਰ ਰੇਲ ਲਾਈਨਾਂ ’ਤੇ ਪੂਰੇ ਪੰਜਾਬ ਵਿੱਚ ਧਰਨੇ ਜਾਰੀ ਰਹਿਣਗੇ। ਇਸ ਧਰਨੇ ਵਿਚ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਬਲਦੇਵ ਸਿੰਘ ਸੰਦੋਹਾ, ਬਲਕਰਨ ਸਿੰਘ, ਬੇਅੰਤ ਸਿੰਘ, ਹਰਵਿੰਦਰ ਸਿੰਘ, ਦਰਸ਼ਨ ਸਿੰਘ ਫੁੱਲੋ ਮਿੱਠੀ,ਅਮਰਜੀਤ ਸਿੰਘ ਹਨੀ,ਬਲਵਿੰਦਰ ਸਿੰਘ ਗੰਗਾ ਅਤੇ ਮਿੱਠੂ ਸਿੰਘ ਘੁੱਦਾ ਤੋ ਇਲਾਵਾ ਵੱਡੀ ਗਿਣਤੀ ਕਿਸਾਨ ਹਾਜਰ ਸਨ।