ਅਸ਼ੋਕ ਵਰਮਾ
- ਕਿਸਾਨ ਯੂਨੀਅਨ ਵੱਲੋਂ ਮੋਰਚੇ ਦਾ ਸ਼ਹੀਦ ਕਰਾਰ
ਬਠਿੰਡਾ, 23 ਸਤੰਬਰ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ’ਚ ਕੀਤੀ ਜਾ ਰਹੀ ਤਬਦੀਲੀ ਖਿਲਾਫ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਲਾਏ ਕਿਸਾਨ ਮੋਰਚੇ ਦੀ ਸਮਾਪਤੀ ਉਪਰੰਤ ਵਾਪਿਸ ਘਰਾਂ ਨੂੰ ਪਰਤਦਿਆਂ ਕਿਸਾਨਾਂ ਦੀ ਮਿੰਨੀ ਬੱਸ ਟਰਾਲੇ ਨਾਲ ਟਕਰਾਉਣ ਦੇ ਸਿੱਟੇ ਵਜੋਂ ਇੱਕ ਕਿਸਾਨ ਦੀ ਮੌਤ ਹੋ ਗਈ ਜਦੋਂਕਿ 17 ਜ਼ਖਮੀ ਹੋ ਗਏ ਹਨ। ਮ੍ਰਿਤਕ ਕਿਸਾਨ ਦੀ ਪਛਾਣ ਮੁਖਤਿਆਰ ਸਿੰਘ ਪੁੱਤਰ ਮੋਹਲਾ ਸਿੰਘ ਵਾਸੀ ਕਿਸ਼ਨਗੜ੍ਹ ਵਜੋਂ ਹੋਈ ਹੈ। ਮ੍ਰਿਤਕ ਮੁਖਤਿਆਰ ਸਿੰਘ ਕਿਸਾਨ ਲਹਿਰਾਂ ਨਾਲ ਜੁੜਿਆ ਹੋਇਆ ਸੀ ਤੇ ਉਹ ਆਪਣੇ ਪਿੱਛੇ ਦੋ ਲੜਕੇ ਅਤੇ ਇੱਕ ਬੇਟੀ ਛੱਡ ਗਿਆ ਹੈ। ਜ਼ਖਮੀ ਕਿਸਾਨਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿੱਚੋਂ ਦੋ ਕਿਸਾਨਾਂ ਅਮਰਜੀਤ ਸਿੰਘ ਅਤੇ ਮੇਵਾ ਸਿੰਘ ਦੀ ਹਾਲਤ ਗੰਭੀਰ ਹੈ ਜੋ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਦਾਖਲ ਹਨ।
ਇਸ ਸੜਕ ਹਾਦਸੇ ’ਚ ਜ਼ਖਮੀ ਹੋਏ ਕਿਸਾਨਾਂ ਦੇ ਇਲਾਜ ’ਚ ਸੁਸਤੀ ਵਰਤਣ ਦੇ ਦੋਸ਼ ਲਾਉਂਦਿਆਂ ਕਿਸਾਨਾਂ ਨੇ ਮਾਨਸਾ ਰੋਡ ਫਲਾਈਓਵਰ ਕੋਲ ਜਾਮ ਲਾ ਦਿੱਤਾ। ਇਸ ਖਬਰ ਫੈਲਦਿਆਂ ਹੀ ਕਿਸਾਨ ਰੋਹ ’ਚ ਆ ਗਏ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਅਤੇ ਗੁਰਨੇ ਕਲਾਂ ਕੋਲ ਵੀ ਸੜਕਾਂ ਜਾਮ ਕਰ ਦਿੱਤੀਆਂ। ਭੜਕੇ ਕਿਸਾਨਾਂ ਨੇ ਆਖਿਆ ਕਿ ਕਿਸਾਨ ਮੁਖਤਿਆਰ ਸਿੰਘ ਮੋਦੀ ਸਰਕਾਰ ਦੀਆਂ ਖੇਤੀ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਸ਼ਹੀਦ ਹੋਇਆ ਹੈ। ਉੱਧਰ ਬਠਿੰਡਾ ਵਿਖੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜਾ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮ੍ਰਿਤਕ ਕਿਸਾਨ ਦੇ ਮਾਮਲੇ ’ਚ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਸੰਘਰਸ਼ ਤੇਜ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਜ਼ਿਲ੍ਹਾ ਬਠਿੰਡਾ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਕੋਟਫੱਤਾ ਦੇ ਨਜ਼ਦੀਕ ਬਠਿੰਡਾ ਮਾਨਸਾ ਕੌਮੀ ਸੜਕ ਮਾਰਗ ’ਤੇ ਇਹ ਟਰਾਲਾ ਸੜਕ ਤੇ ਖੜਾ ਸੀ ਜਿਸ ਨਾਲ ਬੱਸ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਕਿਸਾਨ ਘਰਾਂ ਨੂੰ ਪਰਤ ਰਹੇ ਸਨ ਤਾਂ ਇਹ ਮੰਦਭਾਗੀ ਘਟਨਾਂ ਵਾਪਰ ਗਈ ਜਿਸ ’ਚ ਕਿਸਾਨ ਮੁਖਤਿਆਰ ਸਿੰਘ ਚੱਲ ਵਸਿਆ ਅਤੇ 17 ਜਣੇ ਜ਼ਖਮੀ ਹੋ ਗਏ ਹਨ। ਕਿਸਾਨ ਆਗੂ ਨੇ ਦੱਸਿਆ ਕਿ ਹਸਪਤਾਲ ਵਿੱਚ ਜਖਮੀਆਂ ਦੇ ਇਲਾਜ ਦੌਰਾਨ ਢਿੱਲ ਮੱਠ ਕੀਤੀ ਜਾ ਰਹੀ ਸੀ ਜਿਸ ਦੇ ਵਿਰੋਧ ’ਚ ਧਰਨਾ ਲਾਉਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇਲਾਜ ਅਧੀਨ ਕਿਸਾਨਾਂ ਵਿੱਚ ਬਲਕਾਰ ਸਿੰਘ, ਬੂਟਾ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ,ਜੇਠੂ ਰਾਮ, ਅਮਰਜੀਤ ਸਿੰਘ, ਮੇਵਾ ਸਿੰਘ, ਬਲਵਿੰਦਰ ਸਿੰਘ, ਵਜੀਰ ਸਿੰਘ ਸ਼ਾਮਲ ਹਨ। ਖਬਰ ਲਿਖੇ ਜਾਣ ਤੱਕ ਦੋਵਾਂ ਜਿਲ੍ਹਿਆਂ ’ਚ ਜਾਮ ਜਾਰੀ ਸਨ।
ਪੁਲਿਸ ਕੇਸ ਦਰਜ : ਡੀਐਸਪੀ
ਡੀਐਸਪੀ ਦਿਹਾਤੀ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੜਕ ਹਾਦਸੇ ਦੇ ਮਾਮਲੇ ’ਚ ਪੁਲਿਸ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।