ਅਸ਼ੋਕ ਵਰਮਾ
ਮਾਨਸਾ, 1 ਅਕਤੂਬਰ 2020 - ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਅਣਮਿਥੇ ਸਮੇਂ ਲਈ ਅੱਜ ਤੋਂ ਰੇਲਾਂ ਰੋਕਣ ਦੇ ਸੱਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਬੁਢਲਾਡਾ ਵਿਖੇ ਰੇਲ ਚੱਕਾ ਜਾਮ ਕੀਤਾ ਗਿਆ। ਉੱਥੇ ਜਥੇਬੰਦੀ ਵੱਲੋਂ ਇਕੱਲਿਆਂ ਵੱਖਰੇ ਤੌਰ ਤੇ ਦਿੱਤੇ ਸੱਦੇ ਦੇ ਤਹਿਤ ਕਾਰਪੋਰੇਟ ਘਰਾਣਿਆਂ ਦੇ ਚੱਲ ਰਹੇ ਕਾਰੋਬਾਰ ਅਦਾਰਿਆਂ ਅੱਗੇ ਧਰਨੇ ਅਤੇ ਘਿਰਾਓ ਕਰਨ ਦੇ ਫੈਸਲੇ ਅਨੁਸਾਰ ਜਥੇਬੰਦੀ ਵੱਲੋਂ ਪ੍ਰਾਈਵੇਟ ਪਾਵਰ ਥਰਮਲ ਪਲਾਂਟ ਬਣਾਂਵਾਲੀ ਅੱਗੇ ਅਣਮਿਥੇ ਸਮੇਂ ਲਈ ਧਰਨਾ ਦਿਨ-ਰਾਤ ਦਾ ਸ਼ੁਰੂ ਕਰ ਦਿੱਤਾ। ਧਰਨੇ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਫੈਸਲੇ ਲਏ ਹਨ ਇਹ ਵੱਡੀਆਂ ਕੰਪਨੀਆਂ ਲਈ ਰਾਹ ਪੱਧਰੇ ਕੀਤੇ ਹਨ ਤਾਂ ਜੋ ਕੰਪਨੀਆਂ ਆਸਾਨੀ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਲੈ ਕੇ ਵੱਡੇ ਖੇਤੀ ਫਾਰਮ ਬਣਾ ਸਕਣ ਜਿਸ ਨੂੰ ਕਿਸਾਨਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਇਨ੍ਹਾਂ ਫੈਸਲਿਆਂ ਖਿਲਾਫ ਲੜਾਈ ਜਾਰੀ ਰੱਖੀ ਜਾਏਗੀ।
ਉਨ੍ਹਾਂ ਕਿਹਾ ਕਿ ਇਸ ਨੂੰ ਸਮਝਦਿਆਂ ਜਥੇਬੰਦੀ ਨੇ ਇਹਨਾਂ ਕੰਪਨੀਆਂ ਦੇ ਪਹਿਲਾਂ ਤੋਂ ਹੀ ਚੱਲ ਰਹੇ ਕਾਰੋਬਾਰ ਨੂੰ ਰੋਕਣ ਜਾਂ ਪ੍ਰਭਾਵਿਤ ਕਰਨ ਲਈ ਇਹਨਾਂ ਦੇ ਕਾਰੋਬਾਰੀ ਅਦਾਰਿਆਂ ਦੇ ਘਿਰਾਓ ਕਰਨ ਜਾਂ ਧਰਨੇ ਲਾਉਣ ਦੇ ਫੈਸਲੇ ਅਨੁਸਾਰ ਬਣਾਂਵਾਲੀ ਥਰਮਲ ਅੱਗੇ ਦਰੀਆਂ ਵਿਛਾਈਆਂ ਹਨ ਕਿਉਂਕਿ ਜਿੱਥੇ ਜ਼ਮੀਨ ਖੋਹਣ ਦੀ ਤਿਆਰੀ ਹੈ। ਉੱਥੇ ਕੇਂਦਰ ਸਰਕਾਰ ਬਿਜਲੀ ਐਕਟ-2020 ਲਿਆ ਕੇ ਬਿਜਲੀ ਦਾ ਸਮੁੱਚਾ ਪ੍ਰਬੰਧ ਅਡਾਨੀਆਂ-ਅੰਬਾਨੀਆਂ ਨੂੰ ਦੇ ਦੇਵੇਗੀ। ਬਿਜਲੀ ਦੇ ਰੇਟ ਅਸਮਾਨੀ ਚੜ ਜਾਣਗੇ, ਆਮ ਲੋਕਾਂ ਲਈ ਬਿਜਲੀ ਦੀ ਸਹੂਲਤ ਬੱਸੋ ਬਾਹਰ ਹੋ ਜਾਵੇਗੀ। ਥਰਮਲ ਅੱਗੇ ਧਰਨਾ ਲਾ ਕੇ ਜਥੇਬੰਦੀ ਵੱਲੋਂ ਬਿਜਲੀ ਦੇ ਪ੍ਰਾਈਵੇਟ ਵਪਾਰੀਆਂ ਨੂੰ ਤਾੜਨਾ ਕੀਤੀ ਗਈ ਹੈ ਉਹ ਆਵਦੇ ਖੂਨੀ ਪੰਜੇ ਸਰਕਾਰੀ ਬਿਜਲੀ ਪ੍ਰਬੰਧ ਤੋਂ ਦੂਰ ਰੱਖਣ। ਇਸ ਮੌਕੇ ਤਲਵੰਡੀ ਸਾਬੋ ਬਲਾਕ ਦੇ ਨਛੱਤਰ ਸਿੰਘ ਬਹਿਮਣ, ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ, ਮਾਨਸਾ ਜਿਲੇ ਦੇ ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀਬਾਘਾ, ਸਾਧੂ ਸਿੰਘ ਅਲੀਸ਼ੇਰ, ਜੱਗਾ ਸਿੰਘ ਜਟਾਣਾ ਨੇ ਵੀ ਸੰਬੋਧਨ ਕੀਤਾ।