ਅਸ਼ੋਕ ਵਰਮਾ
ਮਾਨਸਾ, 19 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ’ਚ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਪ੍ਰਾਈਵੇਟ ਥਰਮਲ ਪਲਾਂਟ ਅੱਗੇ ਧਰਨੇ ਜਾਰੀ ਹਨ। ਅੱਜ ਮਾਨਸਾ ਸ਼ਹਿਰ ਵਿੱਚ ਮੁਜਾਹਰਾ ਕਰਕੇ ਬੀ.ਜੇ.ਪੀ. ਦੇ ਆਗੂ ਸੂਰਜ ਛਾਬੜਾ ਦੇ ਘਰ ਅੱਗੇ ਅੱਜ 14ਵੇਂ ਦਿਨ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਰੁਮਾਣਾ ਨੇ ਦੱਸਿਆ ਕਿ ਬੀ.ਜੇ.ਪੀ. ਦੇ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਕਾਰਨ ਕਈ ਭਾਜਪਾ ਆਗੂ ਅਸਤੀਫਾ ਦੇ ਚੁੱਕੇ ਹਨ ਅਤੇ ਬਾਕੀਆਂ ਨੂੰ ਵੀ ਕੰਧ ਤੇ ਲਿਖਿਆ ਪੜ੍ਹ ਕੇ ਪੰਜਾਬ ਦੇ ਹੱਕ ’ਚ ਡਟਣ ਦੀ ਸਿਆਣਪ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਜਪਾ ਆਗੂ ਅਤੇ ਕੇਂਦਰ ਦੀ ਮੋਦੀ ਸਰਕਾਰ ਜਾਣ-ਬੁਝ ਕੇ ਕੋਝੀਆਂ ਹਰਕਤਾਂ ਤੇ ਉੱਤਰੇ ਹੋਏ ਹਨ।
ਉਹਨਾਂ ਦੱਸਿਆ ਕਿ ਟਰੈਕ ਖਾਲੀ ਕਰਨ ਦੇ ਬਾਵਜੂਦ ਮਾਲ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਬੁਖਲਾਈ ਹੋਈ ਹੈ। ਉਹਨਾਂ ਕਿਹਾ ਕਿ ਚਾਹੇ ਕੇਂਦਰ ਜੋ ਮਰਜੀ ਕਰ ਲਵੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ। ਇਸ ਮੌਕੇ ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ, ਇੰਦਰਜੀਤ ਸਿੰਘ ਝੱਬਰ ਅਤੇ ਹਰਿੰਦਰ ਸਿੰਘ ਟੋਨੀ ਹਾਜਰ ਸਨ।ਇਸੇ ਤਰਾਂ ਹੀ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਥਰਮਲ ਪਲਾਂਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਹੈ। ਅੱਜ ਵੀ ਥਰਮਲ ਪਲਾਂਟ ਦੇ ਗੇਟ ਅੱਗੇ ਕਾਰਪੋਰੇਟ ਘਰਾਣੇ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਗੂੰਜਦੇ ਰਹੇ।
ਧਰਨੇ ਨੂੰ ਸੰਬੋਧਨ ਕਰਦਿਆਂ ਨਛੱਤਰ ਸਿੰਘ ਬਹਿਮਣ ਨੇ ਕਿਹਾ ਕਿ ਥਰਮਲ ਅੱਗੇ ਲੱਗਿਆ ਧਰਨਾ ਫੈਸਲਾ ਹੋਣ ਤੱਕ ਜਾਰੀ ਰਹੇਗਾ ਕਿਉਂਕਿ ਮੋਦੀ ਸਰਕਾਰ ਕਿਸਾਨਾਂ ਦੀ ਜ਼ਮੀਨ ਅਤੇ ਸਰਕਾਰੀ ਅਦਾਰੇ ਵੱਡੀਆਂ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਦੇ ਰਾਹ ਤੁਰ ਪਈ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਥਰਮਲ ਪਲਾਂਟ ਲਗਾਉਣ ਵਾਲੀਆਂ ਕੰਪਨੀਆਂ ਨਾਲ ਹੋਏ ਸਰਕਾਰੀ ਸਮਝੌਤੇ ਰੱਦ , ਸਾਰੇ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਆਪਣੇ ਹੱਥ ’ਚ ਲਵੇ ਅਤੇ ਬੰਦ ਕੀਤੇ ਹੋਏ ਸਰਕਾਰੀ ਥਰਮਲ ਪਲਾਂਟ ਚਾਲੂ ਕੀਤੇ ਜਾਣ। ਇਸ ਮੌਕੇ ਮਿੱਠੂ ਸਿੰਘ ਦਸੋਧੀਆਂ ਅਤੇ ਕੁਲਵਿੰਦਰ ਸਿੰਘ ਗਿਆਨਾ ਹਾਜਰ ਸਨ।